ਚੰਡੀਗੜ੍ਹ, 26 ਫਰਵਰੀ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਰਤੀ ਹੱਕਾਂ ਬਾਰੇ ਕਾਰਕੁਨ ਨੌਦੀਪ ਕੌਰ ਨੂੰ ਇਰਾਦਾ ਕਤਲ ਤੇ ਹੋਰਨਾਂ ਦੋਸ਼ਾਂ ਤਹਿਤ ਦਰਜ ਕੇਸ ਵਿੱਚ ਅੱਜ ਜ਼ਮਾਨਤ ਦੇ ਦਿੱਤੀ ਹੈ। ਨੌਦੀਪ ਨੂੰ ਹਰਿਆਣਾ ਦੇ ਸੋਨੀਪਤ ਵਿੱਚ ਸਨਅਤੀ ਇਕਾਈ ਦੇ ਕਥਿਤ ਘਿਰਾਓ ਤੇ ਕੰਪਨੀ ਤੋਂ ਜਬਰੀ ਉਗਰਾਹੀ ਦੇ ਦੋਸ਼ ਵਿੱਚ 12 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਨੌਦੀਪ, ਜੋ ਕਰਨਾਲ ਜੇਲ੍ਹ ਵਿੱਚ ਬੰਦ ਸੀ, ਨੂੰ ਕਾਗਜ਼ੀ ਕਾਰਵਾਈ ਮਗਰੋਂ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ਹੈ। ਇਸ ਦੌਰਾਨ ਨੌਦੀਪ ਦੇ ਪਰਿਵਾਰ ਨੇ ਆਪਣੀ ਧੀ ਦੀ ਰਿਹਾਈ ’ਤੇ ਖੁ਼ਸ਼ੀ ਜ਼ਾਹਿਰ ਕੀਤੀ ਹੈ। ਦੱਸਣਾ ਬਣਦਾ ਹੈ ਕਿ ਇਸ ਕੇਸ ਬਾਰੇ ਬਹਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਵਨੀਸ਼ ਝੀਂਗਣ, ਜਿਨ੍ਹਾਂ ਨੌਦੀਪ ਗ੍ਰਿਫ਼ਤਾਰੀ ਮਾਮਲੇ ਦਾ ਆਪਣੇ ਆਪ ਨੋਟਿਸ ਲਿਆ ਸੀ, ਦੀ ਅਦਾਲਤ ਵਿੱਚ ਹੋਈ। ਨੌਦੀਪ ਕੌਰ ਵੱਲੋਂ ਸੀਨੀਅਰ ਐਡਵੋਕੇਟ ਰਾਜਿੰਦਰ ਸਿੰਘ ਚੀਮਾ, ਅਰਸ਼ਦੀਪ ਸਿੰਘ ਚੀਮਾ ਤੇ ਹਰਿੰਦਰਦੀਪ ਸਿੰਘ ਬੈਂਸ ਨੇ ਉਸ ਦਾ ਪੱਖ ਰੱਖਿਆ।
ਨੌਦੀਪ ਦੇ ਵਕੀਲ ਅਰਸ਼ਦੀਪ ਸਿੰਘ ਚੀਮਾ ਨੇ ਕਿਹਾ, ‘ਅਦਾਲਤ ਨੇ ਨੌਦੀਪ ਕੌਰ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਹਾਈ ਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ।’ ਕਿਰਤੀ ਅਧਿਕਾਰਾਂ ਬਾਰੇ 23 ਸਾਲਾ ਕਾਰਕੁਨ ਨੇ ਆਪਣੀ ਜ਼ਮਾਨਤ ਅਰਜ਼ੀ ’ਚ ਦਾਅਵਾ ਕੀਤਾ ਸੀ ਕਿ 12 ਜਨਵਰੀ ਨੂੰ ਸੋਨੀਪਤ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਪੁਲੀਸ ਸਟੇਸ਼ਨ ਵਿੱਚ ਉਸ ਨੂੰ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਗਿਆ ਸੀ ਤੇ ਨੇਮਾਂ ਮੁਤਾਬਕ ਉਹਦਾ ਲੋੜੀਂਦਾ ਮੈਡੀਕਲ ਵੀ ਨਹੀਂ ਕਰਵਾਇਆ ਗਿਆ। ਪੁਲੀਸ ਨੇ ਹਾਲਾਂਕਿ ਆਪਣੇ ਜਵਾਬ ਦਾਅਵੇ ’ਚ ਕੌਰ ਦੇ ਇਨ੍ਹਾਂ ਦੋਸ਼ਾਂ ਨੂੰ ‘ਬੇਬੁਨਿਆਦ’ ਦੱਸਿਆ ਹੈ। ਕੌਰ ਨੇ ਇਹ ਦਾਅਵਾ ਵੀ ਕੀਤਾ ਕਿ ਆਈਪੀਸੀ ਦੀ ਧਾਰਾ 307 (ਇਰਾਦਾ ਕਤਲ) ਤਹਿਤ ਦਰਜ ਐੱਫਆਈਆਰ ਵਿੱਚ ਉਸ ’ਤੇ ਲਾਏ ਸਾਰੇ ਦੋਸ਼ ਝੂਠੇ ਹਨ। ਨੌਦੀਪ ਨੇ ਜ਼ਮਾਨਤ ਅਰਜ਼ੀ ’ਚ ਇਹ ਗੱਲ ਵੀ ਆਖੀ ਕਿ ਉਸ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਦਿੱਲੀ ਦੀਆਂ ਸਰਹੱਦਾਂ ’ਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਲਈ ਵੱਡੀ ਹਮਾਇਤ ਜੁਟਾਉਣ ਵਿੱਚ ਸਫ਼ਲ ਰਹੀ ਸੀ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੰਧੜ ਨਾਲ ਸਬੰਧਤ ਨੌਦੀਪ ਮਜ਼ਦੂਰ ਅਧਿਕਾਰ ਸੰਗਠਨ ਦੇ ਸਰਗਰਮ ਮੈਂਬਰਾਂ ’ਚ ਸ਼ੁਮਾਰ ਹੈ। ਦੱਸਣਾ ਬਣਦਾ ਹੈ ਕਿ ਨੌਦੀਪ ਖ਼ਿਲਾਫ਼ ਕੁੱਲ ਮਿਲਾ ਕੇ ਤਿੰਨ ਕੇਸ ਦਰਜ ਸੀ, ਜਿਨ੍ਹਾਂ ਵਿੱਚੋਂ ਦੋ ’ਚ ਉਸ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਇਸ ਦੌਰਾਨ ਨੌਦੀਪ ਦੇ ਪਰਿਵਾਰ ਨੇ ਉਸ ਨੂੰ ਜ਼ਮਾਨਤ ਮਿਲਣ ’ਤੇ ਖ਼ੁਸ਼ੀ ਜ਼ਾਹਿਰ ਕੀਤੀ ਹੈ। ਨੌਦੀਪ ਦੀ ਵੱਡੀ ਭੈਣ ਰਾਜਵੀਰ ਕੌਰ ਨੇ ਕਿਹਾ ਕਿ ਪਰਿਵਾਰ ਖੁ਼ਸ਼ ਹੈ ਕਿ ਹੁਣ ਉਸ ਨੂੰ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਜਾਵੇਗਾ। ਰਾਜਵੀਰ ਨੇ ਕਿਹਾ ਕਿ ਨੌਦੀਪ ਪਿਛਲੇ ਡੇਢ ਮਹੀਨੇ ਤੋਂ ਕਰਨਾਲ ਜੇਲ੍ਹ ਵਿੱਚ ਬੰਦ ਸੀ। -ਪੀਟੀਆਈ