ਕੁਲਦੀਪ ਸਿੰਘ ਨੂੰ ਕੰਗ ਆਲੋਚਨਾ ਪੁਰਸਕਾਰ
ਡਾ. ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਪਟਿਆਲਾ ਸਾਹਿਤ ਉਤਸਵ ਤੇ ਪੁਸਤਕ ਮੇਲੇ ਦੇ ਮੌਕੇ ਅਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਪਟਿਆਲਾ ਨੇ ਹਰਿਆਣਾ ਤੋਂ ਬਾਹਰ ਪਹਿਲੀ ਵਾਰ ਪੰਜਾਬੀ ਸਾਹਿਤ ਦੇ ਪ੍ਰਸਿੱਧ ਆਲੋਚਕ ਡਾ. ਅਮਰਜੀਤ ਸਿੰਘ ਕੰਗ...
ਡਾ. ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਪਟਿਆਲਾ ਸਾਹਿਤ ਉਤਸਵ ਤੇ ਪੁਸਤਕ ਮੇਲੇ ਦੇ ਮੌਕੇ ਅਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਪਟਿਆਲਾ ਨੇ ਹਰਿਆਣਾ ਤੋਂ ਬਾਹਰ ਪਹਿਲੀ ਵਾਰ ਪੰਜਾਬੀ ਸਾਹਿਤ ਦੇ ਪ੍ਰਸਿੱਧ ਆਲੋਚਕ ਡਾ. ਅਮਰਜੀਤ ਸਿੰਘ ਕੰਗ ਦੀ ਯਾਦ ਵਿੱਚ ਆਲੋਚਨਾ ਪੁਰਸਕਾਰ ਦੀ ਸ਼ੁਰੂਆਤ ਕੀਤੀ ਹੈ। ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨਵਰਸਿਟੀ ਦੇ ਵਾਈਸ ਚਾਂਸਲਰ ਨੇ ਇਸ ਸਾਲ ਦਾ ਪਹਿਲਾ ਪੁਰਸਕਾਰ ਪੰਜਾਬੀ ਸਾਹਿਤ ਦੇ ਪ੍ਰਸਿੱਧ ਆਲੋਚਕ ਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋ. ਕੁਲਦੀਪ ਸਿੰਘ ਨੂੰ ਭੇਟ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਪੁਰਸਕਾਰ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਉਨ੍ਹਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਿਦਵਤਾਪੂਰਨ ਸੇਵਾ, ਉਨ੍ਹਾਂ ਦੀ ਡੂੰਘੀ ਖੋਜ ਤੇ ਉਨ੍ਹਾਂ ਦੀ ਸੂਝਵਾਨ ਲਿਖਤ ਨੂੰ ਮਾਨਤਾ ਦਿੰਦਾ ਹੈ। ਇਸ ਮੌਕੇ ਉਨ੍ਹਾਂ ਨੂੰ ਸ਼ਾਲ, ਯਾਦਗਾਰੀ ਚਿੰਨ੍ਹ ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਡਾ. ਕੁਲਦੀਪ ਸਿੰਘ ਦਾ ਆਲੋਚਨਾਤਮਕ ਦ੍ਰਿਸ਼ਟੀਕੋਣ ਸਿਰਫ ਰਚਨਾਵਾਂ ਦੀ ਸਮੀਖਿਆ ਕਰਨ ਤਕ ਸੀਮਤ ਨਹੀਂ ਹੈ, ਸਗੋਂ ਉਹ ਸਾਹਿਤ ਨੂੰ ਸਮਾਜਿਕ, ਇਤਿਹਾਸਕ ਤੇ ਦਾਰਸ਼ਨਿਕ ਦ੍ਰਿਸ਼ਟੀ ਕੋਣ ਤੋਂ ਵੀ ਪਰਖਦੇ ਹਨ। ਇਸ ਮੌਕੇ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਲਈ ਇਕ ਸਨਮਾਨ ਤੇ ਵੱਡੀ ਜ਼ਿੰਮੇਵਾਰੀ ਦੋਵੇਂ ਹਨ। ਸੰਸਥਾ, ਚੋਣ ਕਮੇਟੀ ਤੇ ਸਾਥੀ ਵਿਦਵਾਨਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਹੋਰ ਵੀ ਸਮਰਪਣ ਅਤੇ ਵਚਨਬੱਧਤਾ ਨਾਲ ਸਾਹਿਤ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ। ਸਾਹਿਤਕ ਹਲਕਿਆਂ ਨੇ ਇਸ ਸਨਮਾਨ ਦੀ ਪੰਜਾਬੀ ਆਲੋਚਨਾ ਦੇ ਖੇਤਰ ਲਈ ਇਕ ਮਾਣਮੱਤਾ ਤੇ ਪ੍ਰੇਰਨਾਦਾਇਕ ਕਦਮ ਵਜੋਂ ਸ਼ਲਾਘਾ ਕੀਤੀ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਅਜਿਹੇ ਪੁਰਸਕਾਰ ਨਵੇਂ ਖੋਜਕਰਤਾਵਾਂ ਤੇ ਲੇਖਕਾਂ ਨੂੰ ਉਤਸ਼ਾਹਿਤ ਕਰਦੇ ਹਨ ਤੇ ਪੰਜਾਬੀ ਆਲੋਚਨਾ ਦੇ ਪੱਧਰ ਨੂੰ ਉੱਚਾ ਚੁੱਕਣ ਵਿੱਚ ਮਦਦ ਕਰਦੇ ਹਨ। ਇਸ ਪੁਰਸਕਾਰ ਸਮਾਰੋਹ ਵਿਚ ਪੰਜਾਬੀ ਸਾਹਿਤ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਵਿਦਵਾਨ ਚਿੰਤਕਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਪ੍ਰੋ. ਜਸਪਾਲ ਕੌਰ ਕੰਗ, ਪ੍ਰੋ. ਧਨਵੰਤ ਕੌਰ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਸੁਰਿੰਦਰ ਬੀਰ, ਪ੍ਰਸਿੱਧ ਪੰਜਾਬੀ ਕਵੀ ਦਰਸ਼ਨ ਬੁੱਟਰ, ਡਾ. ਅਰਵਿੰਦਰ ਢਿੱਲੋਂ, ਡਾ. ਅਮਰਜੀਤ ਕਾਉਂਕੇ, ਡਾ. ਮੋਹਨ ਤਿਆਗੀ ਅਤੇ ਕੰਵਲਜੀਤ ਕੌਰ ਅਮਰੀਕਾ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਮੌਜੂਦ ਸਨ। ਅਮਰਜੀਤ ਸਿੰਘ ਕੰਗ ਦਾ ਮਧਕਾਲੀ ਸਾਹਿਤਕ ਆਲੋਚਨਾ ਦੇ ਖੇਤਰ ਵਿੱਚ ਯੋਗਦਾਨ ਮਹੱਤਵਪੂਰਨ ਤੇ ਬੇਮਿਸਾਲ ਰਿਹਾ ਹੈ। ਉਸ ਨੇ ਪੰਜਾਬੀ ਆਲੋਚਨਾਤਮਕ ਸਾਹਿਤ ਨੂੰ ਸੰਕਲਪਿਕ ਡੂੰਘਾਈ ,ਇਕ ਵਿਗਿਆਨਕ ਪਹੁੰਚ ਅਤੇ ਤਰਕਸ਼ੀਲ ਵਿਸ਼ਲੇਸ਼ਣ ਨਾਲ ਭਰਪੂਰ ਕੀਤਾ। ਉਸ ਨੇ ਪੰਜਾਬੀ ਕਵਿਤਾ, ਛੋਟੀਆਂ ਕਹਾਣੀਆਂ ਤੇ ਨਾਵਲਾਂ ਦੇ ਵਿਸ਼ਲੇਸ਼ਣ ਵਿੱਚ ਨਵੇਂ ਮਾਪਦੰਡ ਸਥਾਪਤ ਕੀਤੇ।

