ਮਹਾਂਵੀਰ ਮਿੱਤਲ
ਜੀਂਦ, 11 ਅਗਸਤ
ਖੇਤੀ ਕਾਨੂੰਨਾਂ ਖ਼ਿਲਾਫ਼ ਖਟਕੜ ਟੌਲ ਪਲਾਜ਼ੇ ਕੋਲ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਅੱਜ ਭੁੱਖ ਹੜਤਾਲ ਉੱਤੇ ਬੀਰ ਸਿੰਘ ਖਾਪੜ, ਜੰਗੀਰ ਸਿੰਘ ਪਾਲਵਾਂ, ਜਗਦੀਸ਼ ਛਾਪਰਾ, ਬਾਰੂ ਰਾਮ ਫੌਜੀ ਪਾਲਵਾਂ ਅਤੇ ਅਜੈ ਛਾਪਰਾ ਬੈਠੇ। ਇਸ ਦੌਰਾਨ ਧਰਨੇ ਉੱਤੇ 15 ਅਗਸਤ ਨੂੰ ਕੱਢੀ ਜਾਣ ਵਾਲੀ ਤਿਰੰਗਾ ਯਾਤਰਾ ਨੂੰ ਲੈ ਕੇ ਰਣਨੀਤੀ ਬਣਾਈ ਗਈ। ਕਿਸਾਨਾਂ ਨੇ ਦੱਸਿਆ ਕਿ ਖਟਕੜ ਟੌਲ ਪਲਾਜ਼ਾ ਉੱਤੇ ਤਿਰੰਗਾ ਯਾਤਰਾ ਕੱਢਣ ਲਈ ਰੂਟ ਤਹਿ ਕਰ ਲਿਆ ਗਿਆ ਹੈ। ਇਸ ਦਿਨ ਜ਼ਿਲ੍ਹੇ ਭਰ ਤੋਂ ਕਿਸਾਨ ਆਪਣੇ-ਆਪਣੇ ਟਰੈਕਟਰਾਂ ਸਣੇ ਹੋਰ ਵਾਹਨਾਂ ਉੱੱਤੇ ਭਾਕਿਯੂ ਅਤੇ ਤਿਰੰਗਾ ਝੰਡਾ ਲਗਾ ਕੇ ਯਾਤਰਾ ਵਿੱਚ ਹਿੱਸਾ ਲੈਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਅੱਜ ਜ਼ਿੱਦ ਉੱਤੇ ਅੜੀ ਹੋਈ ਹੈ ਅਤੇ ਕਿਸਾਨਾਂ ਦੀ ਮੰਗਾਂ ਦੀ ਅਨਸੁਣਿਆ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਚਾਹੇ ਸਾਲ 2024 ਤੱਕ ਅੰਦੋਲਨ ਚਲਾਉਣਾ ਪਵੇ, ਉਹ ਖੇਤੀ ਦੇ ਤਿੰਨੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਅਤੇ ਐਮਐਸਪੀ ਕਾਨੂੰਨ ਬਣਵਾ ਕੇ ਹੀ ਦਮ ਲੈਣਗੇ। ਇਸ ਦੌਰਾਨ ਹਾਜ਼ਰ ਆਗੂਆਂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਮੁਲਕ ਦੇ ਖੇਤੀ ਖੇਤਰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤਾ ਤਾਂ ਮੁਲਕ ਦੇ ਬਾਸ਼ਿੰਦੇ ਰੋਟੀ ਨੂੰ ਤਰਸ ਜਾਣਗੇ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣੇ ਆਮ ਲੋਕਾਂ ਦੇ ਹੱਥੋਂ ਰੋਟੀ ਵੀ ਖੋਹ ਲੈਣਗੇ। ਇਸ ਸਮਾਜ ਦੇ ਸਮੂਹ ਵਰਗਾਂ ਨੂੰ ਇਸ ਅੰਦੋਲਨ ਦਾ ਹਿੱਸਾ ਬਣਨਾ ਚਾਹੀਦਾ ਹੈ। ਸਰਕਾਰ ਜੋ ਕਿਸਾਨਾਂ ਦੇ ਅੰਦੋਲਨ ਨੂੰ ਫੇਲ੍ਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਸਾਨ ਉਸ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ। ਇਸ ਲਈ ਸਰਕਾਰ ਦੀਆਂ ਚਾਲਾਂ ਵਿਚ ਨਹੀਂ ਫਸਣਗੇ।