ਸ੍ਰੀ ਕ੍ਰਿਸ਼ਨਾ ਵਿਦਿਆ ਮੰਦਿਰ ਸਕੂਲ ’ਚ ਜਨਮ ਅਸ਼ਟਮੀ ਉਤਸ਼ਾਹ ਨਾਲ ਮਨਾਈ ਗਈ। ਇਸ ਸਬੰਧੀ ਸਮਾਗਮ ਦੌਰਾਨ ਬੱਚਿਆਂ ਨੇ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ। ਸੱਤਵੀਂ ਤੇ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਗਵਾਨ ਕ੍ਰਿਸ਼ਨ ਦੇ ਜੀਵਨ ’ਤੇ ਆਧਾਰਿਤ ਕ੍ਰਿਸ਼ਨ ਲੀਲਾ ਦਾ ਮੰਚਨ ਕੀਤਾ। ਬੱਚਿਆਂ ਨੇ ਭਗਵਾਨ ਕ੍ਰਿਸ਼ਨ ਦੇ ਜੀਵਨ, ਉਨ੍ਹਾਂ ਦੇ ਪਿਆਰ, ਦਇਆ, ਦੋਸਤੀ, ਸੱਚਾਈ, ਧਾਰਮਿਕਤਾ ਅਤੇ ਕਰਤੱਵ ਦੇ ਸੰਦੇਸ਼ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ। ਇਨ੍ਹਾਂ ਪੇਸ਼ਕਾਰੀਆਂ ਵਿੱਚ ਖਾਸ ਕਰਕੇ ਭਗਵਾਨ ਕ੍ਰਿਸ਼ਨ ਦੇ ਬਚਪਨ ਦੀਆਂ ਮਜ਼ਾਕੀਆ ਲੀਲਾਵਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਸਕੂਲ ਅਧਿਆਪਕਾ ਪ੍ਰਭਜੋਤ ਨੇ ਬੱਚਿਆਂ ਨੂੰ ਭਗਵਾਨ ਕ੍ਰਿਸ਼ਨ ਦੀਆਂ ਲੀਲਾਵਾਂ ਬਾਰੇ ਵਿਸਤਾਰ ਨਾਲ ਦੱਸਿਆ। ਇਸ ਦੇ ਨਾਲ ਹੀ ਸਕੂਲ ਕੈਂਪਸ ਵਿੱਚ ਦਹੀਂ ਹਾਂਡੀ ਉਤਸਵ ਦਾ ਆਯੋਜਨ ਵੀ ਕੀਤਾ ਗਿਆ। ਬੱਚਿਆਂ ਦੀ ਰਚਨਾਤਮਕਤਾ ਨੂੰ ਨਿਖਾਰਨ ਲਈ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਛੇਵੀਂ ਤੇ ਸੱਤਵੀਂ ਕਲਾਸ ਲਈ ਬੰਸੁਰੀ ਤੇ ਮੁਕਟ ਮੇਕਿੰਗ, ਅੱਠਵੀਂ ਤੇ ਨੌਵੀਂ ਲਈ ਮਾਲਾ ਮੇਕਿੰਗ ਅਤੇ ਗਿਆਰਵੀਂ ਕਲਾਸ ਲਈ ਮਟਕੀ ਡੈਕੋਰੇਸ਼ਨ ਮੁਕਾਬਲੇ ਕਰਵਾਏ।
ਪ੍ਰਿੰਸੀਪਲ ਪ੍ਰਤਿਭਾ ਪੁਰੀ ਨੇ ਬੱਚਿਆਂ ਨੂੰ ਜਨਮ ਅਸ਼ਟਮੀ ਬਾਰੇ ਜਾਣਕਾਰੀ ਦਿੰਦਿਆਂ ਕ੍ਰਿਸ਼ਨ ਦੇ ਆਦਰਸ਼ਾਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ।
ਉਨ੍ਹਾਂ ਕਿਹਾ ਕਿ ਭਗਵਾਨ ਕ੍ਰਿਸ਼ਨ ਦਾ ਜੀਵਨ ਸਾਰੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਭਗਵਾਨ ਕ੍ਰਿਸ਼ਨ ਨੇ ਸਿਖਾਇਆ ਹੈ ਕਿ ਹਾਲਾਤ ਕਿੰਨੇ ਵੀ ਔਖੇ ਕਿਉਂ ਨਾ ਹੋਣ, ਸੱਚ, ਧਾਰਮਿਕਤਾ ਤੇ ਫਰਜ਼ ਦੇ ਰਾਹ ਤੋਂ ਭਟਕਣਾ ਨਹੀਂ ਚਾਹੀਦਾ। ਸਕੂਲ ਪ੍ਰਬੰਧਕ ਮਦਨ ਗੋਪਾਲ ਨੇ ਵਿਦਿਆਰਥੀਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ।

