IPS Officer Arrested: CBI ਵੱਲੋਂ 2012 ਬੈਚ ਦਾ ਹਰਿਆਣਾ ਕੇਡਰ ਦਾ IPS ਅਫ਼ਸਰ ਦੀਪਕ ਗਹਿਲਾਵਤ ਰਿਸ਼ਵਤਖੋਰੀ ਮਾਮਲੇ ’ਚ ਗ੍ਰਿਫ਼ਤਾਰ
ਦਿੱਲੀ ਪੁਲੀਸ ਦੇ ਇੰਸਪੈਕਟਰ ਸਣੇ ਕਈ ਨਿੱਜੀ ਲੋਕ ਪਹਿਲਾਂ ਹੀ ਹੋ ਚੁੱਕੇ ਨੇ ਕਾਬੂ; ਨਕਲੀ ਦਵਾਈਆਂ ਦੇ ਮਾਮਲੇ ’ਚ ਮਦਦ ਦੇ ਬਦਲੇ ਮੰਗੀ ਸੀ ਰਿਸ਼ਵਤ
IPS Officer Arrested: ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (CBI) ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ 2012 ਬੈਚ ਦੇ ਹਰਿਆਣਾ ਕੇਡਰ ਦੇ ਆਈ.ਪੀ.ਐੱਸ. (IPS) ਅਫ਼ਸਰ ਦੀਪਕ ਗਹਿਲਾਵਤ ਨੂੰ ਕਥਿਤ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਗਹਿਲਾਵਤ ਇਸ ਵੇਲੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬਿਊਰੋ ਆਫ਼ ਸਿਵਲ ਐਵੀਏਸ਼ਨ ਸਕਿਊਰਿਟੀ (BCAS) ਵਿੱਚ ਕੇਂਦਰੀ ਡੈਪੂਟੇਸ਼ਨ ’ਤੇ ਤਾਇਨਾਤ ਹਨ।
ਦੱਸਣਯੋਗ ਹੈ ਕਿ ਸੀ.ਬੀ.ਆਈ. ਨੇ ਇਸ ਸਬੰਧੀ 8 ਜੂਨ 2026 ਨੂੰ ਦਿੱਲੀ ਪੁਲੀਸ ਦੇ ਇੱਕ ਇੰਸਪੈਕਟਰ ਪ੍ਰਦੀਪ ਸਿੰਘ ਅਤੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਆਈ.ਏ.ਐੱਸ. ਅਫ਼ਸਰ ਦੀਪਕ ਗਹਿਲਾਵਤ ਨੇ ਕਥਿਤ ਤੌਰ ’ਤੇ ਆਪਣੇ ਨਿੱਜੀ ਪ੍ਰਭਾਵ ਦੀ ਵਰਤੋਂ ਕਰਕੇ ਦੋਵਾਂ ਵਿਅਕਤੀਆਂ ਨੂੰ ਰਾਹਤ ਦਿਵਾਉਣ ਦੇ ਬਦਲੇ ਮੋਟੀ ਰਿਸ਼ਵਤ ਦੀ ਮੰਗ ਕੀਤੀ ਸੀ। ਇਹ ਮਾਮਲਾ ਪਾਂਡੀਚੇਰੀ (ਪੁਡੂਚੇਰੀ) ਵਿੱਚ ਨਕਲੀ ਦਵਾਈਆਂ ਦੀ ਵਿਕਰੀ ਨਾਲ ਸਬੰਧਤ ਹੈ, ਜਿਸ ਦੀ ਜਾਂਚ ਪਹਿਲਾਂ ਹੀ ਸੀ.ਬੀ.ਆਈ. ਵੱਲੋਂ ਕੀਤੀ ਜਾ ਰਹੀ ਹੈ।
ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਸੀ.ਬੀ.ਆਈ. ਨੇ ਪਹਿਲਾਂ ਦਿੱਲੀ ਪੁਲੀਸ ਦੇ ਮੁਲਜ਼ਮ ਇੰਸਪੈਕਟਰ ਦੇ ਨਾਲ-ਨਾਲ ਛੇ ਹੋਰ ਨਿੱਜੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਕਾਰਵਾਈ ਦੌਰਾਨ ਟਰੈਪ ਮਨੀ (ਰਿਸ਼ਵਤ ਦੀ ਰਕਮ) ਵਜੋਂ ਲਗਭਗ 25 ਲੱਖ ਰੁਪਏ ਅਤੇ ਜਾਂਚ ਦੌਰਾਨ 90 ਲੱਖ ਰੁਪਏ ਦੀ ਹੋਰ ਨਕਦੀ ਸਣੇ ਕਈ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ ਗਏ ਸਨ।
ਆਈ.ਪੀ.ਐੱਸ. ਦੀਪਕ ਗਹਿਲਾਵਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੀ.ਬੀ.ਆਈ. ਵੱਲੋਂ ਉਨ੍ਹਾਂ ਨਾਲ ਲਿੰਕਡ (ਜੁੜੇ) ਕਈ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਤਲਾਸ਼ੀ ਮੁਹਿੰਮ ਦੌਰਾਨ ਪੁਲੀਸ ਨੇ ਕਈ ਡਿਜੀਟਲ ਡਿਵਾਈਸ, ਹਾਰਡ ਡਿਸਕਾਂ ਅਤੇ ਅਹਿਮ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ ਹਨ। ਏਜੰਸੀ ਮੁਤਾਬਕ ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਜਾਂਚ ਅਜੇ ਵੀ ਲਗਾਤਾਰ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
