ਕੌਮਾਂਤਰੀ ਸਰਸਵਤੀ ਮਹੋਤਸਵ ਦਾ ਉਦਘਾਟਨ 19 ਨੂੰ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਰਨਗੇ ਸ਼ੁਰੂਆਤ; ਪੁਰਾਤੱਤਵ ਵਿਭਾਗ ਵੱਲੋਂ ਲਗਾਈ ਜਾਵੇਗੀ ਪ੍ਰਦਰਸ਼ਨੀ
ਕੌਮਾਂਤਰੀ ਸਰਸਵਤੀ ਮਹੋਤਸਵ-2026 ਦੀਆਂ ਤਿਆਰੀਆਂ ਦੇ ਸਬੰਧ ਵਿੱਚ ਹਰਿਆਣਾ ਸਰਸਵਤੀ ਵਿਰਾਸਤ ਵਿਕਾਸ ਬੋਰਡ ਦੇ ਉਪ ਚੇਅਰਮੈਨ ਧੂਮਨ ਸਿੰਘ ਕਿਰਮਚ ਤੇ ਹਰਿਆਣਾ ਬਿਜਲੀ ਰੈਗੂਲੇਟਰੀ ਬੋਰਡ ਦੇ ਮੈਂਬਰ ਮੁਕੇਸ਼ ਗਰਗ ਨੇ ਆਦਿ ਬਦਰੀ ਦੇ ਗਰੁੜ ਟੂਰਿਸਟ ਕੰਪਲੈਕਸ ਵਿੱਚ ਅਧਿਕਾਰੀਆਂ ਨਾਲ ਅਹਿਮ ਬੈਠਕ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਮਹੋਤਸਵ ਦੇ ਸ਼ਾਨਦਾਰ ਪ੍ਰਬੰਧਾਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੌਮਾਂਤਰੀ ਸਰਸਵਤੀ ਮਹੋਤਸਵ ਦਾ ਰਸਮੀ ਉਦਘਾਟਨ ਕਰਨਗੇ। ਇਹ ਮਹੋਤਸਵ 19 ਜਨਵਰੀ ਨੂੰ ਬਸੰਤ ਪੰਚਮੀ ਦੇ ਮੌਕੇ ’ਤੇ ਆਦਿ ਬਦਰੀ ਤੋਂ ਸ਼ੁਰੂ ਹੋਵੇਗਾ ਤੇ 23 ਜਨਵਰੀ ਨੂੰ ਸਰਸਵਤੀ ਤੀਰਥ ਪਿਹੋਵਾ (ਕੁਰੂਕਸ਼ੇਤਰ) ਵਿੱਚ ਸਮਾਪਤ ਹੋਵੇਗਾ। ਇਸ ਮੌਕੇ ਮੁੱਖ ਮੰਤਰੀ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਸਰਸਵਤੀ ਸਰੋਵਰ ਵਿਖੇ ਵਿਸ਼ੇਸ਼ ਹਵਨ ਅਤੇ ਆਰਤੀ ਕੀਤੀ ਜਾਵੇਗੀ। ਮੁੱਖ ਮੰਤਰੀ ਬਾਬਾ ਕੇਦਾਰਨਾਥ, ਬਾਬਾ ਬਦਰੀ ਵਿਸ਼ਾਲ ਅਤੇ ਮਾਤਾ ਮੰਤਰ ਦੇਵੀ ਦੇ ਦਰਸ਼ਨ ਵੀ ਕਰਨਗੇ। ਪੁਰਾਤੱਤਵ ਵਿਭਾਗ ਵੱਲੋਂ ਇੱਕ ਵਿਸ਼ਾਲ ਪ੍ਰਦਰਸ਼ਨੀ ਲਗਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਸਰਸਵਤੀ ਨਦੀ ਅਤੇ ਸਿੰਧੂ ਘਾਟੀ ਸੱਭਿਅਤਾ ਦੇ ਇਤਿਹਾਸਿਕ ਮਹੱਤਵ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਆਦਿ ਬਦਰੀ ਵਿਖੇ ਸਵਦੇਸ਼ੀ ਵਿਸ਼ੇ ’ਤੇ ਆਧਾਰਿਤ ਸਰਸ ਮੇਲਾ ਲਗਾਇਆ ਜਾਵੇਗਾ, ਜਿਸ ਵਿੱਚ ਸਵੈ-ਸਹਾਇਤਾ ਸਮੂਹਾਂ ਵੱਲੋਂ ਲਗਪਗ 20 ਸਟਾਲ ਲਗਾਏ ਜਾਣਗੇ। ਰਤਨਾਵਲੀ ਉਤਸਵ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਕਾਲਜ ਦੇ ਵਿਦਿਆਰਥੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਧੂਮਨ ਸਿੰਘ ਕਿਰਮਚ ਨੇ ਦੱਸਿਆ ਕਿ ਮੁੱਖ ਮੰਤਰੀ ਸਰਸਵਤੀ ਵਿਰਾਸਤ ਵਿਕਾਸ ਬੋਰਡ ਵੱਲੋਂ ਬਣਾਏ ਜਾ ਰਹੇ 350 ਏਕੜ ਦੇ ਰਿਜ਼ਰਵਾਇਰ (ਭੰਡਾਰਨ) ਦਾ ਨਿਰੀਖਣ ਵੀ ਕਰਨਗੇ। ਇਸ ਉਤਸਵ ਲਈ ਯਮੁਨਾਨਗਰ ਜ਼ਿਲ੍ਹੇ ਦੇ ਸੰਤਾਂ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਜਾਵੇਗਾ। ਬੈਠਕ ਵਿੱਚ ਐੱਸ ਡੀ ਐੱਮ ਜਸਪਾਲ ਸਿੰਘ ਗਿੱਲ, ਪੁਰਾਤੱਤਵ ਵਿਭਾਗ ਦੇ ਡਿਪਟੀ ਡਾਇਰੈਕਟਰ ਨਰਿੰਦਰ ਪਰਮਾਰ, ਡੀ ਡੀ ਪੀ ਓ ਨਰਿੰਦਰ ਸਿੰਘ, ਡੀ ਐੱਸ ਪੀ ਹਰਵਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਤੇ ਭਾਜਪਾ ਆਗੂ ਹਾਜ਼ਰ ਸਨ।

