ਸਰਕਾਰੀ ਯੋਜਨਾਵਾਂ ਹਰ ਲਾਭਪਾਤਰੀ ਤੱਕ ਪਹੁੰਚਾਉਣ ਦੀ ਹਦਾਇਤ
ਏ ਡੀ ਸੀ ਨੇ ਬੈਂਕਿੰਗ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ
ਬੈਂਕਿੰਗ ਅਧਿਕਾਰੀ ਸਰਕਾਰੀ ਯੋਜਨਾਵਾਂ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਤੇ ਮਿੱਥੇ ਟੀਚੇ ਸਮਾਂ-ਬੱਧ ਤਰੀਕੇ ਨਾਲ ਪੂਰੇ ਕਰਨ। ਇਹ ਹਦਾਇਤ ਏ ਡੀ ਸੀ ਅਨੁਰਾਗ ਢਾਲੀਆ ਨੇ ਲਘੂ ਸਕੱਤਰੇਤ ਵਿਖੇ ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ ਦੀ ਮੀਟਿੰਗ ਦੌਰਾਨ ਦਿੱਤੀ।
ਐੱਲ ਡੀ ਐੱਮ ਵਿਕਰਾਂਤ ਵਰਮਾ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਦਸੰਬਰ 2025 ਤੱਕ ਜ਼ਿਲ੍ਹੇ ਦੇ ਬੈਂਕਾਂ ਨੇ 8643 ਕਰੋੜ ਰੁਪਏ ਦੇ ਟੀਚੇ ਮੁਕਾਬਲੇ 9904 ਕਰੋੜ ਰੁਪਏ ਦਾ ਕਰਜ਼ਾ ਵੰਡ ਕੇ 115 ਫੀਸਦੀ ਪ੍ਰਾਪਤੀ ਹਾਸਲ ਕੀਤੀ ਹੈ। ਖੇਤੀਬਾੜੀ ਅਤੇ ਸਹਾਇਕ ਧੰਦਿਆਂ ਅੰਦਰ 5821 ਕਰੋੜ ਰੁਪਏ ਦੇ ਮੁਕਾਬਲੇ 5838 ਕਰੋੜ ਰੁਪਏ, ਜਦਕਿ ਐੱਮ ਐੱਸ ਐੱਮ ਈ ਸੈਕਟਰ ਅੰਦਰ 2066 ਕਰੋੜ ਰੁਪਏ ਦੇ ਮੁਕਾਬਲੇ 2124 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ ਹੈ।
ਏਜੰਸੀਵਾਰ ਸਮੀਖਿਆ ਦੌਰਾਨ ਨਿੱਜੀ ਬੈਂਕ 140 ਫੀਸਦੀ ਪ੍ਰਾਪਤੀ ਨਾਲ ਮੋਹਰੀ ਰਹੇ। ਪਬਲਿਕ ਸੈਕਟਰ ਬੈਂਕਾਂ ਨੇ 106 ਫੀਸਦੀ ਅਤੇ ਖੇਤਰੀ ਗ੍ਰਾਮੀਣ ਬੈਂਕਾਂ ਨੇ 97 ਫੀਸਦੀ ਟੀਚਾ ਹਾਸਲ ਕੀਤਾ। ਜ਼ਿਲ੍ਹੇ ਅੰਦਰ ਜਮ੍ਹਾਂ ਰਾਸ਼ੀ 8605 ਕਰੋੜ ਰੁਪਏ ਤੋਂ ਵਧ ਕੇ 9566 ਕਰੋੜ ਰੁਪਏ ਹੋ ਗਈ ਹੈ।
ਵਿੱਤੀ ਸਮਾਵੇਸ਼ ਯੋਜਨਾਵਾਂ ਤਹਿਤ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਅਧੀਨ 4.48 ਲੱਖ ਤੋਂ ਵੱਧ ਖਾਤੇ ਖੁੱਲ੍ਹ ਚੁੱਕੇ ਹਨ, ਜਿਨ੍ਹਾਂ ਵਿੱਚੋਂ 89 ਫੀਸਦੀ ਆਧਾਰ ਕਾਰਡ ਨਾਲ ਜੁੜੇ ਹੋਏ ਹਨ। ਪੀ ਐੱਮ ਐੱਸ ਬੀ ਵਾਈ ਅਤੇ ਅਟਲ ਪੈਨਸ਼ਨ ਯੋਜਨਾ ਵਰਗੀਆਂ ਸਕੀਮਾਂ ਦੇ ਲਾਭਪਾਤਰੀਆਂ ਅੰਦਰ ਵੀ ਵੱਡਾ ਵਾਧਾ ਦਰਜ ਹੋਇਆ ਹੈ। ਏ ਡੀ ਸੀ ਨੇ ਖੇਤੀਬਾੜੀ ਬੁਨਿਆਦੀ ਢਾਂਚਾ, ਮੁਦਰਾ ਅਤੇ ਪੀ ਐੱਮ ਸਵੈਨਿਧੀ ਯੋਜਨਾਵਾਂ ਦੀ ਰਫ਼ਤਾਰ ਹੋਰ ਤੇਜ਼ ਕਰਨ ਉੱਪਰ ਜ਼ੋਰ ਦਿੱਤਾ।

