ਪੱਤਰ ਪ੍ਰੇਰਕ
ਰਤੀਆ, 24 ਸਤੰਬਰ
ਐੱਸਡੀਐੱਮ ਜਗਦੀਸ਼ ਚੰਦਰ ਨੇ ਨਗਰ ਕੌਂਸਲ ਦੇ ਸਕੱਤਰ ਅਤੇ ਕੌਂਸਲਰਾਂ ਦੇ ਨਾਲ ਸ਼ਹਿਰ ਦੀ ਸਫਾਈ ਵਿਵਸਥਾ ਤੇ ਪ੍ਰਮੁੱਖ ਮਾਰਗਾਂ ’ਤੇ ਲੱਗਣ ਵਾਲੇ ਜਾਮ ਦੀ ਸਥਿਤੀ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨਗਰਪਾਲਿਕਾ ਅਧਿਕਾਰੀਆਂ ਨੂੰ ਪੂਰੇ ਸ਼ਹਿਰ ਵਿਚ ਸਫਾਈ ਵਿਵਸਥਾ ਨੂੰ ਠੀਕ ਕਰਨ ਦੇ ਵਿਸ਼ੇਸ਼ ਆਦੇਸ਼ ਦਿੱਤੇ। ਉਨ੍ਹਾਂ ਖਾਸ ਕਰ ਮੰਡੀ ਰੋਡ ’ਤੇ ਲੱਗਣ ਵਾਲੀਆਂ ਸਬਜ਼ੀ ਆਦਿ ਦੀਆਂ ਰੇਹੜੀਆਂ ਨਾਲ ਹੋਣ ਵਾਲੀ ਜਾਮ ਦੀ ਸਥਿਤੀ ਨੂੰ ਠੀਕ ਕਰਨ ਦੇ ਵੀ ਆਦੇਸ਼ ਦਿੱਤੇ। ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਸਾਰੀਆਂ ਰੇਹੜੀਆਂ ਲਈ ਨਵੇਂ ਬਣਾਏ ਗਏ ਅਗਰਸੇਨ ਚੌਕ ਕੋਲ ਸਥਾਨ ਨਿਰਧਾਰਿਤ ਕੀਤਾ ਜਾਵੇ ਤਾਂ ਕਿ ਮੰਡੀ ਵਿਚ ਆਉਣ ਵਾਲੇ ਝੋਨੇ ਦੀ ਫਸਲ ਦੀ ਆਮਦ ਦੌਰਾਨ ਭਗਤ ਸਿੰਘ ਚੌਕ ਦੇ ਆਸ-ਪਾਸ ਜਾਮ ਦੀ ਸਥਿਤੀ ਨਾ ਬਣੇ। ਨਗਰ ਕੌਂਸਲ ਦੇ ਸਕੱਤਰ ਪੰਕਜ ਜੂਨ ਨੇ ਐੱਸਡੀਐੱਮ ਨੂੰ ਜਾਣੂ ਕਰਵਾਇਆ ਕਿ ਉਨ੍ਹਾਂ ਇਕ ਦਿਨ ਪਹਿਲਾਂ ਹੀ ਇਸ ਇਲਾਕੇ ਦਾ ਨਿਰੀਖਣ ਕਰਨ ਉਪਰੰਤ ਮੰਡੀ ਰੋਡ ’ਤੇ ਰੇਹੜੀ ਲਗਾਉਣ ਵਾਲੇ ਸਾਰੇ ਰੇਹੜੀ ਮਾਲਕਾਂ ਨਾਲ ਮੀਟਿੰਗ ਕੀਤੀ ਸੀ ਅਤੇ ਉਨ੍ਹਾਂ ਨੂੰ ਇਲਾਕੇ ਤੋਂ ਆਪਣੀਆਂ ਰੇਹੜੀਆਂ ਹਟਾ ਕੇ ਅੱਗੇ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ। ਇਸ ਮੌਕ ਐੱਸਡੀਐੱਮ ਨੇ ਦੂਰ ਸੰਚਾਰ ਨਿਗਮ ਦੇ ਪਿੱਛੇ ਨਗਰ ਕੌਂਸਲ ਵਲੋਂ ਕਰਵਾਈ ਜਾ ਰਹੀ ਸਫਾਈ ਵਿਵਸਥਾ ਦਾ ਵੀ ਦੌਰਾ ਕੀਤਾ। ਇਸ ਇਲਾਕੇ ਵਿਚ ਵੀ ਜੇਸੀ.ਬੀ ਮਸ਼ੀਨ ਲਗਾ ਕੇ ਪਿਛਲੇ ਕਈ ਦਿਨਾਂ ਤੋਂ ਸਫਾਈ ਕਰਵਾਈ ਜਾ ਰਹੀ ਹੈ। ਐੱਸ.ਡੀ.ਐੱਮ ਦੀ ਟੀਮ ਨੇ ਕਮਿਊਨਿਟੀ ਹਾਲ ਵਿਚ ਸਥਿਤ ਪਾਰਕ ਦਾ ਵੀ ਦੌਰਾ ਕੀਤਾ।