ਪੱਤਰ ਪ੍ਰੇਰਕ
ਰਤੀਆ, 26 ਸਤੰਬਰ
ਵਿਧਾਇਕ ਲਛਮਣ ਨਾਪਾ ਨੇ ਕਮਿਊਨਿਟੀ ਸੈਂਟਰ ਅਤੇ ਪਾਰਕ ਦਾ ਨਿਰੀਖਣ ਕਰ ਕੇ ਬੁਨਿਆਦੀ ਸਹੂਲਤਾਂ ਦਾ ਜਾਇਜ਼ਾ ਲਿਆ। ਵਿਧਾਇਕ ਨੇ ਸਫ਼ਾਈ ਪ੍ਰਬੰਧਾਂ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਮਿਊਨਿਟੀ ਸੈਂਟਰ ਵਿੱਚ ਬਣੇ ਪਾਰਕ ਦੀ ਸਾਫ਼-ਸਫ਼ਾਈ ਦੇ ਨਾਲ-ਨਾਲ ਰੁੱਖਾਂ ਅਤੇ ਪੌਦਿਆਂ ਦੀ ਸਾਂਭ-ਸੰਭਾਲ ਕਰਨ ਦੀ ਵੀ ਹਦਾਇਤ ਕੀਤੀ। ਵਿਧਾਇਕ ਲਛਮਣ ਨਾਪਾ ਨੇ ਕਿਹਾ ਕਿ ਕਮਿਊਨਿਟੀ ਸੈਂਟਰ ਵਿੱਚ ਬਣੇ ਪਾਰਕ ਨੂੰ ਹੋਰ ਆਕਰਸ਼ਕ ਅਤੇ ਸੁਵਿਧਾਜਨਕ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਕ ਨੂੰ ਸੁੰਦਰ ਬਣਾਉਣ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਵਿਧਾਇਕ ਨੇ ਕਿਹਾ ਕਿ ਰਤੀਆ ਵਿਧਾਨ ਸਭਾ ਹਲਕੇ ਦੀ ਬਿਹਤਰੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਲਾਕੇ ਵਿੱਚ ਅਜਿਹੇ ਪਾਰਕ ਬਣਾਏ ਜਾ ਰਹੇ ਹਨ, ਜਿੱਥੇ ਲੋਕ ਚੰਗੇ ਮਾਹੌਲ ਵਿੱਚ ਘੁੰਮਣ-ਫਿਰਨ ਦੇ ਨਾਲ-ਨਾਲ ਕਸਰਤ ਵੀ ਕਰ ਸਕਦੇ ਹਨ। ਉਹ ਹਰ ਸੰਭਵ ਯਤਨ ਕਰ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਇਲਾਕੇ ਵਿੱਚ ਬੁਨਿਆਦੀ ਸਹੂਲਤਾਂ ਸਬੰਧੀ ਕੋਈ ਸਮੱਸਿਆ ਨਾ ਆਵੇ। ਵਿਧਾਇਕ ਲਛਮਣ ਨਾਪਾ ਨੇ ਟੈਲੀਕੌਮ ਕਾਰਪੋਰੇਸ਼ਨ ਨੇੜੇ ਸਫਾਈ ਵਿਵਸਥਾ ਦਾ ਵੀ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ। ਇਸ ਮੌਕੇ ਨਗਰ ਕੌਂਸਲ ਦੇ ਸਕੱਤਰ ਪੰਕਜ ਜੂਨ, ਨਪਾ ਦੇ ਵਾਈਸ ਚੇਅਰਮੈਨ ਜੋਗਿੰਦਰ ਨੰਦਾ, ਕਰਨੈਲ ਸ਼ਾਗੂ, ਬਿੱਟੂ ਪਹਿਲਵਾਨ, ਰਮੇਸ਼, ਰਵਿੰਦਰ ਲਾਂਬਾ, ਅਵਤਾਰ ਚਿੰਮੋ ਅਤੇ ਹੋਰ ਪਤਵੰਤੇ ਨਾਗਰਿਕ ਅਤੇ ਕਰਮਚਾਰੀ ਹਾਜ਼ਰ ਸਨ।