ਭਾਰਤੀ ਫ਼ੌਜੀਆਂ ਨੇ ਪਾਕਿਸਤਾਨ ਦੇ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ: ਸੈਣੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 22 ਮਈ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਅਪਰੇਸ਼ਨ ਸਿੰਧੂਰ ਵਿੱਚ ਮਨੁੱਖਤਾ,ਤਕਨਾਲੋਜੀ ,ਕੁਸ਼ਲਤਾ ਤੇ ਤਿੱਖੀ ਰਾਜਨੀਤੀ ਦਾ ਸ਼ਾਨਦਾਰ ਸੰਗਮ ਦੇਖਿਆ ਗਿਆ ਹੈ। ਇਸ ਅਪਰੇਸ਼ਨ ਸਿੰਧੂਰ ਯਾਤਰਾ ਨੂੰ ਦੇਸ਼ ਦੇ ਬਹਾਦਰ ਫ਼ੌਜੀਆਂ ਨੂੰ ਸ਼ਰਧਾਂਜਲੀ ਵਜੋਂ ਯੁੱਗਾਂ ਤਕ ਯਾਦ ਰੱਖਿਆ ਜਾਵੇਗਾ।
ਮੁੱਖ ਮੰਤਰੀ ਸੈਣੀ ਅੱਜ ਲਾਡਵਾ ਦੇ ਨਵੇਂ ਬੱਸ ਅੱਡੇ ’ਤੇ ਅਪਰੇਸ਼ਨ ਸਿੰਧੂਰ ਤਿਰੰਗਾ ਯਾਤਰਾ ਵਿੱਚ ਸੂਬੇ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਰਾਮ ਕੁੰਡੀ ਚੌਕ, ਮੇਨ ਬਾਜ਼ਾਰ, ਸੰਗਮ ਮਾਰਕੀਟ, ਹਿਨੌਰੀ ਚੌਂਕ, ਡਾ. ਬੀਆਰ ਅੰਬੇਡਕਰ ਚੌਕ ਤੋਂ ਹੁੰਦੀ ਹੋਈ ਸ੍ਰੀਰਾਮ ਕੁੰਡੀ ਮੰਦਰ ਆ ਕੇ ਸਮਾਪਤ ਹੋਈ। ਇਸ ਦੌਰਾਨ ਮਦਨ ਲਾਲ ਢੀਂਗਰਾ ਦੇ ਬੁੱਤ ’ਤੇ ਹਾਰ ਪਾਏ ਗਏ। ਇਸ ਮੌਕੇ ਲਾਡਵਾ ਦੀ ਹਰ ਗਲੀ ਚੌਕ ਵਿਚ ਨਾਇਕਾਂ ਦੇ ਸਨਮਾਨ ਵਿੱਚ ਨਾਅਰੇ ਗੂੰਜਦੇ ਰਹੇ। ਕਈ ਥਾਵਾਂ ’ਤੇ ਯਾਤਰਾ ਦਾ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਦੇਸ਼ ਦੇ ਬਹਾਦਰ ਫੌਜੀਆਂ ਦੇ ਸਨਮਾਨ ਵਿੱਚ ਨਾਅਰੇ ਵੀ ਲਗਾਏ ਗਏ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਫੌਜੀਆਂ ਨੇ ਪਾਕਿਸਤਾਨੀ ਧਰਤੀ ’ਤੇ ਜਾ ਕੇ ਅਤਿਵਾਦ ਨੂੰ ਤਬਾਹ ਕੀਤਾ ਹੈ।
ਇਸ ਤਰ੍ਹਾਂ ਕਰਕੇ ਇਹ ਸੁਨੇਹਾ ਦਿੱਤਾ ਹੈ ਕਿ ਭਾਰਤ ਦੀ ਪ੍ਰਭੂਸੱਤਾ ਵੱਲ ਅੱਖ ਚੁੱਕਣ ਦੇ ਨਤੀਜੇ ਬਹੁਤ ਮਾੜੇ ਨਿਕਲਦੇ ਹਨ। ਸਾਡੇ ਬਹਾਦਰ ਫੌਜੀਆਂ ਨੇ ਪਾਕਿਸਤਾਨ ਧਰਤੀ ’ਤੇ ਜਾ ਕੇ ਉਨ੍ਹਾਂ ਦੇ ਅਤਿਵਾਦੀ ਟਿਕਾਣਿਆਂ ਸਣੇ 11 ਹਵਾਈ ਅੱਡੇ ਤਬਾਹ ਕੀਤੇ ਹਨ।
ਇਸ ਮੌਕੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਮੁੱਖ ਮੰਤਰੀ ਦੇ ਦਫਤਰ ਇੰਚਾਰਜ ਕੈਲਾਸ਼ ਸੈਣੀ, ਭਾਜਪਾ ਆਗੂ ਜੈ ਭਗਵਾਨ ਡੀਡੀ ਸ਼ਰਮਾ, ਸੁਭਾਸ਼ ਕਲਸਾਣਾ, ਚੇਅਰਮੈਨ ਧਰਮਵੀਰ ਡਾਗਰ, ਰਾਹੁਲ ਰਾਣਾ, ਭਾਜਪਾ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ, ਕੰਵਲਜੀਤ ਕੌਰ, ਸਾਕਸ਼ੀ ਖੁਰਾਣਾ, ਡਿਪਟੀ ਕਮਿਸ਼ਨਰ ਨੇਹਾ ਸਿੰਘ ਮੌਜੂਦ ਸਨ।