ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 18 ਸਤੰਬਰ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਨੂਹ ਹਿੰਸਾ ਮਾਮਲੇ ਵਿਚ ਕਾਂਗਰਸ ਵਿਧਾਇਕ ਮਾਮਨ ਖ਼ਾਨ ਦੇ ਰਿਮਾਂਡ ਵਿਚ ਦੋ ਦਿਨ ਦਾ ਵਾਧਾ ਕਰਨਾ ਜਾਂਚ ਏਜੰਸੀ ਜਾਂ ਅਦਾਲਤ ਦਾ ਕੰਮ ਹੈ। ਸੋਨੂੰ ਮਨੇਸਰ ਦੇ ਮਾਮਲੇ ਵਿਚ ਪੁਲੀਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਐਸਏ ਜੈਨ ਕਾਲਜ ਵਿਚ ਜਨ ਸੰਵਾਦ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਉਨ੍ਹਾਂ ਦੀ ਟੀਮ ਡੂੰਘਾਈ ਨਾਲ ਜਾਂਚ ਕਰਦੀ ਹੈ ਤੇ ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਂਦੀ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਪੋਰਟਲ ਖ਼ਤਮ ਕਰਨ ਬਾਰੇ ਦਿੱਤੇ ਬਿਆਨ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਜਿੰਨੇ ਵੀ ਪੋਰਟਲ ਸ਼ੁਰੂ ਕੀਤੇ ਹਨ, ਉਨ੍ਹਾਂ ਦਾ ਲੋਕਾਂ ਨੂੰ ਲਾਭ ਮਿਲ ਰਿਹਾ ਹੈ। ਲੋਕ ਘਰ ਬੈਠੇ ਹੀ ਕਈ ਯੋਜਨਾਵਾਂ ਲਈ ਅਪਲਾਈ ਕਰ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈ ਲਿਆ ਹੈ ਅਤੇ ਜਲਦੀ ਹੀ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ।