ਦਵਿੰਦਰ ਸਿੰਘ
ਯਮੁਨਾਨਗਰ, 20 ਸਤੰਬਰ
ਕਿਸਾਨਾਂ ਤੇ ਹੋਏ ਲਾਠੀਚਾਰਜ ਅਤੇ ਤਿੰਨ ਖੇਤੀ ਆਰਡੀਨੈਸਾਂ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਸੈਂਕੜੇ ਕਿਸਾਨ ਟੌਲ ਪਲਾਜ਼ਾ ਗੂਹਲਾ ਪਹੁੰਚੇ ਅਤੇ ਤਿੰਨ ਘੰਟੇ ਅੰਬਾਲਾ-ਹਰਿਦੁਆਰ ਹਾਈਵੇਅ ਨੂੰ ਜਾਮ ਰੱਖਿਆ। ਇਸ ਦੌਰਾਨ ਕਿਸਾਨਾਂ ਨੇ ਜੰਮ ਕੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਦੇ ਪੁਖਤਾ ਇੰਤਜਾਮ ਸਨ। ਐੱਸਪੀ ਕਮਲਦੀਪ ਗੋਇਲ ਮੌਕੇ ’ਤੇ ਭਾਰੀ ਫੋਰਸ ਨਾਲ ਤੈਨਾਤ ਰਹੇ ਤੇ ਉਨ੍ਹਾਂ ਨੇ ਲੋਕਾਂ ਨੂੰ ਬਦਲਵੇ ਰੂਟਾਂ ਤੋਂ ਜਾਣ ਦੇ ਇੰਤਜ਼ਾਮ ਕੀਤੇ।
ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਨ੍ਹਾਂ ਬਿਲਾਂ ਨੂੰ ਕਾਨੂੰਨੀ ਰੂਪ ਦੇ ਕੇ ਐਸਾ ਢਾਂਚਾ ਖੜ੍ਹਾ ਕੀਤਾ ਹੈ ਜਿਸ ਨਾਲ ਖੁਰਾਕ ਸਮਗਰੀ ਕੁਝ ਲੋਕ ਘਟ ਲਾਗਤ ਤੇ ਖਰੀਦਣਗੇ ਅਤੇ ਮਹਿੰਗੇ ਭਾਅ ਵੇਚਣਗੇ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਗੁੱਸਾ ਹੈ ਬਾਅਦ ਵਿੱਚ ਇਹ ਗੁੱਸਾ ਲੜਾਈ ਵਿੱਚ ਵੀ ਬਦਲ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਲਾਠੀ ਤੇ ਗੋਲੀ ਤੋਂ ਡਰਨ ਵਾਲੇ ਨਹੀਂ ਹਨ ਅਤੇ ਊਹ ਕਿਸਾਨ ਕਿਸੇ ਵੀ ਕੀਮਤ ’ਤੇ ਇਸ ਬਿੱਲ ਨੂੰ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪਿਪਲੀ ਵਿੱਚ ਕਿਸਾਨਾਂ ਤੇ ਹੋਏ ਲਾਠੀਚਾਰਜ ਦੀ ਜਾਂਚ ਕਿਊਂ ਨਹੀ ਕਰਵਾ ਰਹੀ। ਦੁਸ਼ਯੰਤ ਤੇ ਖੱਟਰ ਦੋਵੇਂ ਕਿਸਾਨਾਂ ਨੂੰ ਦਬਾਉਣ ਦਾ ਕੰਮ ਕਰ ਰਹੇ ਹਨ ਲੇਕਿਨ ਕਿਸਾਨ ਦੱਬਣ ਵਾਲੇ ਨਹੀਂ ਹਨ, ਉਹ ਦੇਸ਼ ਵਿੱਚ ਵੱਡਾ ਅੰਦੋਲਨ ਕਰਨਗੇ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਜੂ ਗੁੰਦਿਆਨਾ ਨੇ ਕਿਹਾ ਕਿ ਸਮਾਜ ਦਾ ਹਰ ਵਰਗ ਕਿਸਾਨਾਂ ਦੇ ਨਾਲ ਹੈ ਪਰ ਵਰਤਮਾਨ ਸਰਕਾਰ ਕਿਸਾਨ ਹਿਤੈਸ਼ੀ ਨਹੀਂ ਹੈ।
ਕੁਰੂਕਸ਼ੇਤਰ (ਸਰਬਜੋਤ ਸਿੰਘ ਦੁੱਗਲ): ਬੀਜੇਪੀ ਦੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਆਰਡੀਨੈਂਸਾਂ ਖਿਲਾਫ ਐਤਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਕਿਸਾਨ ਸੰਗਠਨਾਂ ਨੇ ਜ਼ਿਲ੍ਹੇ ਵਿੱਚ 5 ਥਾਵਾਂ ’ਤੇ ਰੋਡ ਜਾਮ ਕੀਤਾ। ਕਿਸਾਨਾਂ ਨੇ ਕੁਰੂਕਸ਼ੇਤਰ-ਪਿਹੋਵਾ, ਕੁਰੂਕਸ਼ੇਤਰ-ਢਾਂਡ, ਕੁਰੂਕਸ਼ੇਤਰ-ਯਮੁਨਾਨਗਰ, ਸ਼ਾਹਬਾਦ-ਪੰਚਕੁਲਾ ਅਤੇ ਅੰਬਾਲਾ-ਹਿਸਾਰ ਮਾਰਗ ‘ਤੇ ਆਵਾਜਾਈ ਵਿਚ ਵਿਘਨ ਪਾ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ। ਕਿਸਾਨਾਂ ਨੇ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਤਿੰਨ ਘੰਟੇ ਸੜਕ ਜਾਮ ਕੀਤੀ। ਕਿਸਾਨਾਂ ਵੱਲੋਂ ਲਗਾਏ ਜਾਮ ਦੇ ਮੱਦੇਨਜ਼ਰ ਪੁਲੀਸ ਨੇ ਟ੍ਰੈਫਿਕ ਮੋੜ ਕੇ ਦੂਜੇ ਰਸਤਿਓਂ ਕੱਢ ਦਿੱਤਾ।
ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਅਸ਼ੋਕ ਅਰੋੜਾ ਨੇ ਜ਼ਿਲ੍ਹੇ ਦੇ ਕੁਰੂਕਸ਼ੇਤਰ-ਢਾਂਡ ਰੋਡ ’ਤੇ ਪਿੰਡ ਕਮੋਦਾ ਨੇੜੇ ਜਾਮ ਲਗਾ ਰਹੇ ਕਿਸਾਨਾਂ ਨੂੰ ਸੰਬੋਧਨ ਕੀਤਾ। ਕੁਰੂਕਸ਼ੇਤਰ-ਯਮੁਨਾਨਗਰ ਰੋਡ ‘ਤੇ ਜਾਮ ਪਿੰਡ ਸੂਰਾ ਵਿਖੇ ਯੂਥ ਬਲਾਕ ਪ੍ਰਧਾਨ ਨਵੀਨ ਸੁਰਾ ਦੀ ਅਗਵਾਈ ਵਿਚ ਲਾਇਆ ਗਿਆ। ਲਾਡਵਾ ਤੋਂ ਵਿਧਾਇਕ ਮੇਵਾ ਸਿੰਘ ਨੇ ਵੀ ਪਿੰਡ ਸੂਰਾ ਵਿਖੇ ਧਰਨੇ ਨੂੰ ਸੰਬੋਧਨ ਕੀਤਾ। ਕੁਰੂਕਸ਼ੇਤਰ-ਪਿਹੋਵਾ ਰੋਡ ‘ਤੇ ਪੈਂਦੇ ਪਿੰਡ ਮੁਕੀਮਪੁਰਾ ਵਿਖੇ ਯੂਵਾ ਪ੍ਰਧਾਨ ਸੁਖਵਿੰਦਰ ਮੁਕੀਮਪੁਰ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਅੰਬਾਲਾ-ਹਿਸਾਰ ਰੋਡ ’ਤੇ ਜਾਮ ਸ਼ਹਿਰ ਇਸਲਾਮਬਾਦ ਵਿਖੇ ਗੁਰਨਾਮ ਸਿੰਘ ਚੰਮੂ ਦੀ ਅਗਵਾਈ ਹੇਠ ਲਾਇਆ ਗਿਆ। ਭਾਕਿਯੂ ਦੇ ਸੂਬਾਈ ਬੁਲਾਰੇ ਰਾਕੇਸ਼ ਬੈਂਸ ਅਤੇ ਬਲਾਕ ਪ੍ਰਧਾਨ ਹਰਕੇਸ਼ ਖਾਨਪੁਰ ਅਤੇ ਕੁਰੂਕਸ਼ੇਤਰ-ਕਿਰਮਚ ਰੋਡ ’ਤੇ ਜਾਮ ਪਿੰਡ ਕਿਰਮਚ ਚੌਕ ਵਿਖੇ ਸੋਹਣ ਸਿੰਘ ਬਾਰਵਾ ਦੀ ਅਗਵਾਈ ਹੇਠ ਲਾਇਆ ਗਿਆ। ਸ਼ਾਹਬਾਦ-ਪੰਚਕੁਲਾ ਸੜਕ ਦਾ ਜਾਮ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਲਗਾਇਆ ਗਿਆ।
ਸਵੇਰੇ ਸ਼ਾਹਬਾਦ ਪਹੁੰਚਦਿਆਂ ਬੀਕੇਯੂ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਜੇਜੇਪੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੁਸ਼ਅੰਤ ਨੇ ਉਨ੍ਹਾਂ ਤੋਂ ਵੋਟਾਂ ਲੈ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਦੁਸ਼ਅੰਤ ਨੂੰ ਸਰਕਾਰ ਤੋੜ ਕੇ ਹਰਿਆਣਾ ਦੀ ਸਰਕਾਰ ਤੋੜਨੀ ਚਾਹੀਦੀ ਹੈ। ਉਨ੍ਹਾਂ ਨੇ ਕੇਂਦਰੀ ਬਿੱਲ ਖ਼ਿਲਾਫ਼ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਅਸਤੀਫ਼ਾ ਦਾ ਸਵਾਗਤ ਕੀਤਾ। ਅਸ਼ੋਕ ਅਰੋੜਾ ਨੇ ਕਿਹਾ ਕਿ ਭਾਜਪਾ ਜਨਤਕ ਭਾਵਨਾਵਾਂ ਦਾ ਨਿਰਾਦਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸਾਨ ਅੰਦੋਲਨ ਦੀ ਹਮਾਇਤ ਕਰਦੀ ਹੈ। ਸ਼ਾਹਬਾਦ-ਪੰਚਕੂਲਾ ਰੋਡ ’ਤੇ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਧਰਨੇੇ ਮੌਕੇ ਬੀਕੇਯੂ ਦੇ ਸੂਬਾਈ ਬੁਲਾਰੇ ਰਾਕੇਸ਼ ਬੈਂਸ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਇਨ੍ਹਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤੱਕ ਕਿਸਾਨ ਚੁੱਪ ਨਹੀਂ ਰਹਿਣਗੇ।
ਪਿਹੋਵਾ (ਸੱਤਪਾਲ ਰਾਮਗੜ੍ਹੀਆ): ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਪਿੰਡ ਮੁਕੀਮਪੁਰਾ ਦੇ ਨੇੜੇ ਕੁਰੂਕਸ਼ੇਤਰ ਰੋਡ ’ਤੇ, ਪਿੰਡ ਕਰਾਹ ਸਾਹਿਬ ਦੇ ਨੇੜੇ ਚੀਕਾ ਰੋਡ ’ਤੇ ਅਤੇ ਪਿੰਡ ਬੋਧਨੀ ਵਿੱਚ ਪਟਿਆਲਾ ਰੋਡ ’ਤੇ ਜਾਮ ਲਾ ਕੇ ਕਈ ਘੰਟੇ ਤੱਕ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਕੇ ’ਤੇ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਚੇਤਨਾ ਚੌਧਰੀ, ਐੱਸਐੱਚਓ ਦਿਨੇਸ਼ ਰਾਣਾ, ਚਾਂਦੀ ਰਾਮ, ਅਤੇ ਡੀਐੱਸਪੀ ਸੁਭਾਸ਼ ਬਿਸ਼ਨੋਈ ਸਮੇਤ ਕਈ ਅਧਿਕਾਰੀ ਤਾਇਨਾਤ ਰਹੇ। ਕਿਸਾਨਾਂ ਦੇ ਪ੍ਰਦਸ਼ਰਨ ਨੂੰ ਸਾਰੇ ਵਿਰੋਧੀ ਧਿਰਾਂ ਨੇ ਸਮਰਥਨ ਦਿੱਤਾ।
ਕਾਂਗਰਸ ਵੱਲੋਂ ਹਰਮਨਦੀਪ ਸਿੰਘ ਵਿਰਕ, ਗਗਨਜੋਤ ਸੰਧੂ, ਜਗਦੀਸ਼ ਰਾਠੀ, ਅਮਨ ਚੀਮਾ ਆਦਿ ਨੇ ਕਿਹਾ ਕਿ ਅੱਜ ਦਾ ਦਿਨ ਕਾਲਾ ਦਿਨ ਇਤਿਹਾਸ ਦੇ ਪੰਨਿਆਂ ’ਤੇ ਦਰਜ ਹੋਵੇਗਾ। ਕੇਂਦਰ ਸਰਕਾਰ ਨੇ ਤਾਨਾਸ਼ਾਹੀ ਰਾਜ ਦਾ ਪ੍ਰਮਾਣ ਦਿੰਦੇ ਹੋਏ 60 ਕਰੋੜ ਤੋਂ ਵੱਧ ਖੇਤੀ ਨਾਲ ਜੁੜੇ ਲੋਕਾਂ ਨੂੰ ਬਰਬਾਦ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਚਲਦੇ ਖੇਤੀਬਾੜੀ ਖੇਤਰ ਅਜਿਹਾ ਸੀ, ਜਿਸ ਨੇ ਦੇਸ਼ ਦੀ ਜੀਡੀਪੀ ਬਚਾਉਣ ਵਿੱਚ ਮਦਦ ਕੀਤੀ। ਜਿਸ ਤੋਂ ਬਾਅਦ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਦੀ ਨਜ਼ਰ ਖੇਤੀਬਾੜੀ ਖੇਤਰ ਵੱਲ ਟਿਕ ਗਈ ਅਤੇ ਉਨ੍ਹਾਂ ਨੂੰ ਸਮਝ ਆ ਗਿਆ ਕਿ ਪੈਸਾ ਇਸ ਤਰਫ਼ ਹੈ। ਇਹੀ ਕਾਰਨ ਹੈ ਕਿ ਸਰਕਾਰ ਉਨ੍ਹਾਂ ਦੇ ਦਬਾਅ ਵਿੱਚ ਕਾਲਾ ਕਾਨੂੰਨ ਜਬਰਦਸਤੀ ਲਾਗੂ ਕਰਨ ਜਾ ਰਹੀ ਹੈ।
ਜੀਂਦ (ਮਹਾਵੀਰ ਮਿੱਤਲ): ਕੇਂਦਰ ਸਰਕਾਰ ਦੁਆਰਾ ਪਾਸ ਤਿੰਨ ਖੇਤੀ ਆਰਡੀਨੈਂਸਾਂ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਵੱਲੋਂ ਆਪਣੇ ਐਲਾਨ ਮੁਤਾਬਕ ਜੀਂਦ ਜ਼ਿਲ੍ਹੇ ਵਿੱਚ 12 ਵਜੇ ਤੋਂ ਤਿੰਨ ਵਜੇ ਤੱਕ ਸੰਕੇਤਕ ਰੋਡ ਜਾਮ ਕੀਤਾ। ਇਸ ਮੌਕੇ ਕਿਸਾਨਾਂ ਦੇ ਨਾਲ ਅਨਾਜ ਮੰਡੀਆਂ ਦੇ ਆੜ੍ਹਤੀ ਅਤੇ ਮਜ਼ਦੂਰ ਵੀ ਹਾਜ਼ਰ ਸਨ। ਇਹ ਰੋਡ ਜਾਮ ਜੀਂਦ ਜ਼ਿਲ੍ਹੇ ਦੇ ਜੀਂਦ, ਨਰਵਾਣਾ, ਜੁਲਾਨਾ, ਉਚਾਨਾ, ਸਫੀਦੋਂ ਅਤੇ ਅਲੇਵਾ ਆਦਿ ਮੰਡੀਆਂ ਵਿੱਚ ਕੀਤਾ ਗਿਆ। ਇਸ ਮੌਕੇ ਉੱਤੇ ਜ਼ਿਲ੍ਹਾ ਪ੍ਰਸਾਸ਼ਨ ਨੇ ਪੁੱਖਤੇ ਪ੍ਰਬੰਧ ਕੀਤੇ ਸਨ। ਕਿਸੇ ਵੀ ਥਾਂ ’ਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸਦੇ ਲਈ ਇਨ੍ਹਾਂ ਮੰਡੀਆਂ ਵਿੱਚ ਥਾਂ-ਥਾਂ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਹੋਏ ਸੀ।
ਸੜਕਾਂ ’ਤੇ ਕਿਸਾਨ ਤੇ ਮੰਡੀਆਂ ਵਿੱਚ ਵਪਾਰੀ, ਮਜ਼ਦੂਰ ਤੇ ਮੁਨੀਮ ਸਰਕਾਰ ਵਿਰੁੱਧ ਗਰਜੇ
ਟੋਹਾਣਾ (ਗੁਰਦੀਪ ਸਿੰਘ ਭੱਟੀ): ਖੇਤੀ ਨਾਲ ਸਬੰਧੀ ਤਿੰਨ ਨੋਟੀਫਿਕੇਸ਼ਨਾਂ ਨੂੰ ਬਿਲ ਦਾ ਦਾ ਰੂਪ ਦੇਣ ’ਤੇ ਕਿਸਾਨਾਂ, ਵਪਾਰੀਆਂ, ਮਜੂਦਰਾਂ ਦਾ ਰੋਸ ਨਾਲ ਸੜਕਾਂ ਤੇ ਵਿਖਾਵਾਕਾਰੀਆਂ ਦਾ ਹੜ੍ਹ ਆਇਆ ਰਿਹਾ। ਸਰਕਾਰੀ ਕੋਸ਼ਿਸ਼ਾਂ ਦੇ ਬਾਵਜੂਦ ਸੜਕਾਂ ’ਤੇ ਆਵਾਜਾਈ ਬਹਾਲ ਨਹੀਂ ਹੋ ਸਕੀ। ਲੰਬੀ ਦੂਰੀ ਦੇ ਟਰੱਕ ਢਾਬਿਆਂ ’ਤੇ ਖੜ੍ਹੇ ਇੰਤਜ਼ਾਰ ਕਰ ਰਹੇ ਸਨ। ਹਿਸਾਰ-ਚੰਡੀਗੜ੍ਹ ਸੜਕ ਤੇ ਕੰਨੜ੍ਹੀ, ਸਮੈਣ, ਉਕਲਾਨਾ ਚੌਕ ’ਤੇ ਬਰਵਾਲਾ ਵਿੱਚ ਸਵੇਰੇ ਹੀ ਕਿਸਾਨਾਂ ਨੇ ਸੜਕਾਂ ਬੰਦ ਕਰ ਦਿੱਤੀਆਂ ਸਨ। ਪੁਲੀਸ ਨੇ ਫਾਇਰ ਬ੍ਰਿਗੇਡ ਦੀਆਂ ਕਰੇਨਾਂ ਦੇ ਪ੍ਰਬੰਧ ਕੀਤੇ ਸਨ ਪਰ ਪੁਲੀਸ ਨੇ ਕਿਧਰੇ ਵੀ ਕਿਸਾਨਾਂ ਨਾਲ ਕੋਈ ਉਲਝਣ ਵਾਲੀ ਗੱਲ ਨਹੀਂ ਕੀਤੀ। ਟੋਹਾਣਾ-ਰਤੀਆ ਸੜਕ ’ਤੇ ਕੂਲਾਂ ਚੌਕ ਵਿੱਚ ਸੈਂਕੜੇ ਕਿਸਾਨ ਜਮਾਂ ਹੋਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਮਨੋਹਰ ਲਾਲ ਤੇ ਉਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਦੇ ਪੋਸਟਰਾਂ ’ਤੇ ਕਾਲਖ ਮਲ ਕੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅੱਜ ਦੁਪਹਿਰ ਬਾਅਦ ਜਦੋਂ ਕਿਸਾਨਾਂ ਨੂੰ ਪਤਾ ਲਗਾ ਕਿ ਰਾਜ ਸਭਾ ਵਿੱਚ ਬਿੱਲ ਪਾਸ ਹੋ ਗਿਆ ਹੈ ਤਾਂ ਬੁਲਾਰਿਆਂ ਨੇ ਆਖ਼ਰੀ ਸਾਂਹ ਤਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਵਪਾਰੀਆਂ ਨੇ ਮੰਡੀਆਂ ਵਿੱਚ ਧਰਨੇ ਮਾਰੇ ਤੇ ਭਾਜਪਾ ਦੀਆਂ ਨੀਤੀਆਂ ਨੂੰ ਰੱਜ ਕੇ ਕੋਸਿਆ। ਪੁਲੀਸ ਦੀਆਂ ਟੀਮਾਂ ਡੀਐੱਸਪੀ ਤੇ ਐੱਸਡੀਐੱਮ ਟੋਹਾਣਾ ਵੀ ਬਚਾਅ ਦੀ ਮੁਦਰਾ ਵਿੱਚ ਨਜ਼ਰ ਆਏ। ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਭਵਿੱਖ ਵਿੱਚ ਹੈਲੀਕਾਪਟਰ ’ਤੇ ਹੀ ਆ ਸਕਣਗੇ। ਕਿਸਾਨਾਂ ਦਾ ਭਾਰੀ ਇੱਕਠ ਭਾਜਪਾ ਦੀਆਂ ਨੀਤੀਆਂ ਵਿਰੁੱਧ ਫ਼ਤਵਾ ਹੈ।
ਜਾਮ ਦੌਰਾਨ ਪੁਲੀਸ ਦਾ ਰਵੱਈਆ ਰਿਹਾ ਨਰਮ
ਕੁਰੂਕਸ਼ੇਤਰ (ਪੱਤਰ ਪ੍ਰੇਰਕ): ਕਿਸਾਨਾਂ ਵੱਲੋਂ ਲਾਏ ਗਏ ਧਰਨਿਆਂ ਦੌਰਾਨ ਪ੍ਰਸ਼ਾਸਨ ਦਾ ਰਵੱਈਆ ਕਾਫ਼ੀ ਨਰਮ ਦਿਖਾਈ ਦਿੱਤਾ। ਇਸ ਵਾਰ ਨਾ ਤਾਂ ਕਿਸਾਨ ਰੈਲੀ ਵਾਂਗ ਧਾਰਾ-144 ਲਾਗੂ ਕੀਤੀ ਗਈ ਸੀ ਅਤੇ ਨਾ ਹੀ ਪੁਲੀਸ ਪ੍ਰਸ਼ਾਸਨ ਨੇ ਸਖ਼ਤ ਰੁਖ ਅਪਣਾਇਆ ਸੀ। ਜਾਮ ਵਾਲੀ ਥਾਵਾਂ ’ਤੇ ਪੁਲੀਸ ਪ੍ਰਸ਼ਾਸਨ ਬਿਲਕੁਲ ਸ਼ਾਂਤ ਦਿਖਾਈ ਦਿੱਤਾ। ਜਾਮ ਵਾਲੀ ਥਾਵਾਂ ‘ਤੇ ਪੁਲੀਸ ਫੋਰਸ ਸਵੇਰ ਤੋਂ ਪੂਰੀ ਤਰ੍ਹਾਂ ਤਾਇਨਾਤ ਸੀ, ਪਰ ਸਾਰੇ ਪੁਲੀਸ ਕਰਮਚਾਰੀ ਜਾਮ ਵਾਲੀ ਥਾਵਾਂ ਦੇ ਇਕ ਪਾਸੇ ਬੈਠੇ ਰਹੇ।