IDFC Bank Scam: ਘੁਟਾਲੇ ਦੀ ਕਮਾਈ ਨਾਲ ਮੁਹਾਲੀ 'ਚ ਖ਼ਰੀਦੀ ਕਰੋੜਾਂ ਦੀ ਕੋਠੀ, ਹਰਿਆਣਾ ਸਰਕਾਰ ਵੱਲੋਂ ਸੁਪਰਡੈਂਟ ਬਰਖ਼ਾਸਤ
ਸਰਕਾਰੀ ਫ਼ੰਡਾਂ ਦੀ ਹੇਰਾਫੇਰੀ ਰਾਹੀਂ ਬਣਾਈ ਸੀ ਜਾਇਦਾਦ; ਹਰਿਆਣਾ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਵਿਭਾਗ 'ਚੋਂ ਕੱਢਿਆ
ਮੁਹਾਲੀ ਦੇ ਆਈ.ਟੀ. ਸਿਟੀ ਵਿੱਚ ਕਰੋੜਾਂ ਦੀ ਕੋਠੀ ਅਤੇ ਫਾਰਚੂਨਰ ਗੱਡੀ ਜਿਹੇ ਮਹਿੰਗੇ ਤੋਹਫ਼ੇ ਲੈਣ ਦੇ ਦੋਸ਼ ਹੇਠ ਹਰਿਆਣਾ ਸਰਕਾਰ ਨੇ ਪੰਚਾਇਤ ਵਿਭਾਗ ਦੇ ਸੁਪਰਡੈਂਟ ਨਰੇਸ਼ ਕੁਮਾਰ ਨੂੰ ਬਰਖ਼ਾਸਤ ਕਰ ਦਿੱਤਾ ਹੈ। 590 ਕਰੋੜ ਰੁਪਏ ਦੇ ਬੈਂਕ ਘੁਟਾਲੇ ਵਿੱਚ ਸ਼ਾਮਲ ਇਸ ਅਧਿਕਾਰੀ 'ਤੇ ਸਰਕਾਰੀ ਫ਼ੰਡਾਂ ਦੀ ਹੇਰਾਫੇਰੀ ਕਰਕੇ ਅਣਅਧਿਕਾਰਤ ਜਾਇਦਾਦ ਬਣਾਉਣ ਦੇ ਗੰਭੀਰ ਦੋਸ਼ ਹਨ। ਉਸ ਦੇ ਖ਼ਿਲਾਫ਼ ਭਾਰਤੀ ਸੰਵਿਧਾਨ ਦੀ ਧਾਰਾ 311 (2) (ਬੀ) ਤਹਿਤ ਇਹ ਕਾਰਵਾਈ ਕੀਤੀ ਗਈ ਹੈ।
ਬਰਖ਼ਾਸਤਗੀ ਦੇ ਹੁਕਮਾਂ ਅਨੁਸਾਰ, ਨਰੇਸ਼ ਕੁਮਾਰ ਨੇ ਸਰਕਾਰੀ ਫ਼ੰਡਾਂ ਦੀ ਹੇਰਾਫੇਰੀ ਲਈ 'ਸਵਾਸਤਿਕ ਦੇਸ਼ ਪ੍ਰੋਜੈਕਟਸ' ਨਾ ਦੀ ਇੱਕ ਫ਼ਰਜ਼ੀ ਕੰਪਨੀ ਬਣਾਈ ਸੀ, ਜਿਸ ਰਾਹੀਂ ਉਸ ਨੇ ਕਥਿਤ ਤੌਰ 'ਤੇ 6.45 ਕਰੋੜ ਰੁਪਏ ਹਾਸਲ ਕੀਤੇ। ਇਸ ਤੋਂ ਇਲਾਵਾ, 10 ਲੱਖ ਰੁਪਏ ਉਸ ਦੀ ਬੇਟੀ ਦੇ ਖਾਤੇ ਵਿੱਚ ਜਮ੍ਹਾ ਕਰਵਾਏ ਗਏ। ਮੁਲਜ਼ਮ ਨੂੰ ਇੱਕ ਸਹਿ-ਦੋਸ਼ੀ ਵੱਲੋਂ ਤੋਹਫ਼ੇ ਵਜੋਂ 'Toyota Fortuner ' ਗੱਡੀ ਦਿੱਤੀ ਗਈ ਸੀ ਅਤੇ ਉਸ ਨੇ ਮੁਹਾਲੀ ਦੇ ਆਈ.ਟੀ. ਸਿਟੀ ਵਿੱਚ ਇੱਕ ਕਰੋੜ ਰੁਪਏ ਦਾ ਮਕਾਨ ਵੀ ਖਰੀਦਿਆ ਸੀ।
ਬਿਨਾਂ ਜਾਂਚ ਬਰਖ਼ਾਸਤਗੀ ਦੇ ਕਾਰਨ:
ਸੰਵਿਧਾਨ ਦੀ ਧਾਰਾ 311 (2) (ਬੀ) ਸਰਕਾਰ ਨੂੰ ਅਜਿਹੇ ਹਾਲਾਤ ਵਿੱਚ ਬਿਨਾਂ ਵਿਭਾਗੀ ਜਾਂਚ ਦੇ ਕਰਮਚਾਰੀ ਨੂੰ ਹਟਾਉਣ ਦਾ ਅਧਿਕਾਰ ਦਿੰਦੀ ਹੈ, ਜਿੱਥੇ ਜਾਂਚ ਕਰਾਉਣੀ ਅਮਲੀ ਤੌਰ 'ਤੇ ਸੰਭਵ ਨਾ ਹੋਵੇ। ਵਧੀਕ ਮੁੱਖ ਸਕੱਤਰ ਵਿਜੇਂਦਰ ਕੁਮਾਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਸਾਜ਼ਿਸ਼ ਦੇ ਸੰਗਠਿਤ ਸਰੂਪ, ਕਈ ਬਾਹਰੀ ਏਜੰਸੀਆਂ ਦੀ ਸ਼ਮੂਲੀਅਤ ਅਤੇ ਗਵਾਹਾਂ ਨੂੰ ਪ੍ਰਭਾਵਿਤ ਕੀਤੇ ਜਾਣ ਦੇ ਖ਼ਦਸ਼ੇ ਕਾਰਨ ਨਿਯਮਤ ਜਾਂਚ ਕਰਾਉਣਾ ਸੰਭਵ ਨਹੀਂ ਸੀ।
ਇਹ ਹੈ ਪੂਰਾ ਮਾਮਲਾ:
ਇਹ ਮਾਮਲਾ ਪੰਚਾਇਤ ਵਿਭਾਗ ਦੀ ਅੰਦਰੂਨੀ ਜਾਂਚ ਦੌਰਾਨ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਹਰਿਆਣਾ ਵਿਜੀਲੈਂਸ ਨੇ 23 ਫਰਵਰੀ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ 8 ਅਪਰੈਲ ਨੂੰ ਸੀ.ਬੀ.ਆਈ. (CBI) ਨੇ ਵੀ ਇਸ ਸਬੰਧੀ ਐਫ.ਆਈ.ਆਰ. ਦਰਜ ਕਰ ਲਈ ਸੀ।
ਵਿਜੀਲੈਂਸ ਦੀ ਰਿਪੋਰਟ ਅਨੁਸਾਰ, ਨਰੇਸ਼ ਕੁਮਾਰ (ਨਰੇਸ਼ ਭੁਵਾਨੀ) ਨੇ ਕੁੱਝ ਵਿਅਕਤੀਆਂ ਅਤੇ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਸਰਕਾਰੀ ਪੈਸੇ ਨੂੰ ਖ਼ੁਰਦ-ਬੁਰਦ ਕਰਨ ਲਈ ਇੱਕ ਫ਼ਰਜ਼ੀ ਫ਼ਰਮ ਦਾ ਜਾਲ ਵਿਛਾਇਆ ਸੀ। ਰਿਪੋਰਟ ਵਿੱਚ ਮਈ 2025 ਤੋਂ ਫਰਵਰੀ 2026 ਦਰਮਿਆਨ ਉਸ ਦੇ ਅਤੇ ਉਸ ਦੀ ਬੇਟੀ ਦੇ ਖਾਤੇ ਵਿੱਚ ਹੋਏ ਕਰੋੜਾਂ ਰੁਪਏ ਦੇ ਲੈਣ-ਦੇਣ ਦਾ ਵੇਰਵਾ ਦਿੱਤਾ ਗਿਆ ਹੈ।
ਇਸ ਘੁਟਾਲੇ ਦਾ ਮੁੱਖ ਮਾਸਟਰਮਾਈਂਡ ਰਿਭਵ ਰਿਸ਼ੀ ਦੱਸਿਆ ਜਾ ਰਿਹਾ ਹੈ, ਜੋ ਪਹਿਲਾਂ ਆਈ.ਡੀ.ਐਫ.ਸੀ. ਬੈਂਕ ਵਿੱਚ ਮੈਨੇਜਰ ਸੀ ਅਤੇ ਬਾਅਦ ਵਿੱਚ ਏ.ਯੂ. ਸਮਾਲ ਫਾਇਨਾਂਸ ਬੈਂਕ ਵਿੱਚ ਚਲਾ ਗਿਆ ਸੀ। ਨਰੇਸ਼ ਕੁਮਾਰ ਨੂੰ 6 ਅਪਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਪੁੱਛਗਿੱਛ ਦੌਰਾਨ ਨਗਰ ਨਿਗਮ ਪੰਚਕੂਲਾ ਨਾਲ ਸਬੰਧਿਤ ਖਾਤਿਆਂ ਵਿੱਚ ਹੇਰਾਫੇਰੀ ਕਰਨ ਦੀ ਗੱਲ ਵੀ ਕਬੂਲੀ ਹੈ।

