ਮਨੁੱਖੀ ਅਧਿਕਾਰ ਕਮਿਸ਼ਨ ਦੇ ਨਿਗਰਾਨ ਵੱਲੋਂ ਹਸਪਤਾਲ ਤੇ ਜੇਲ੍ਹ ਦਾ ਦੌਰਾ
ਬਾਲਕ੍ਰਿਸ਼ਨ ਗੋਇਲ ਨੇ ਸਹੂਲਤਾਂ ਦਾ ਜਾਇਜ਼ਾ ਲਿਆ; ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਿਗਰਾਨ ਬਾਲਕ੍ਰਿਸ਼ਨ ਗੋਇਲ ਨੇ ਅੱਜ ਇੱਥੇ ਜ਼ਿਲ੍ਹੇ ਵਿੱਚ ਸਿਵਲ ਹਸਪਤਾਲ, ਜ਼ਿਲ੍ਹਾ ਜੇਲ੍ਹ ਅਤੇ ਬਾਲ ਸੰਭਾਲ ਸੰਸਥਾ ਦਾ ਦੌਰਾ ਕੀਤਾ। ਸਿਵਲ ਹਸਪਤਾਲ ਵਿੱਚ ਉਨ੍ਹਾਂ ਨੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਬੰਧਤ ਡਾਕਟਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਆਮ ਨਾਗਰਿਕ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਦੇ ਹੋਏ ਸਿਹਤ ਸਹੂਲਤਾਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਗੋਇਲ ਨੇ ਸਿਵਲ ਸਰਜਨ ਦਿਵਿਆ ਮੰਗਲਾ ਅਤੇ ਹਸਪਤਾਲ ਦੇ ਮੈਡੀਕਲ ਅਤੇ ਨਰਸਿੰਗ ਸਟਾਫ ਨਾਲ ਮੀਟਿੰਗ ਕੀਤੀ ਜਿਸ ਵਿੱਚ ਮਰੀਜ਼ਾਂ ਨਾਲ ਸਹੀ ਵਿਹਾਰ ’ਤੇ ਜ਼ੋਰ ਦਿੱਤਾ। ਹਸਪਤਾਲ ਦੇ ਨਿਰੀਖਣ ਤੋਂ ਬਾਅਦ ਬਾਲਕ੍ਰਿਸ਼ਨ ਗੋਇਲ ਨੇ ਜ਼ਿਲ੍ਹਾ ਜੇਲ੍ਹ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਮਹਿਲਾ ਕੈਦੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਜੇਲ੍ਹ ਦੇ ਕਰੈਚ ਸੈਂਟਰ ਦਾ ਨਿਰੀਖਣ ਕੀਤਾ।
ਜੇਲ੍ਹ ਸੁਪਰਡੈਂਟ ਸਤੇਂਦਰ ਕੁਮਾਰ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਨਿਗਰਾਨ ਨੂੰ ਸਬੰਧਤ ਰਿਕਾਰਡ ਪੇਸ਼ ਕੀਤੇ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕੈਦੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਉਨ੍ਹਾਂ ਦੇ ਅਧਿਕਾਰਾਂ ਅਨੁਸਾਰ ਹਨ। ਇਸ ਤੋਂ ਬਾਅਦ ਬਾਲ ਸੰਭਾਲ ਸੰਸਥਾ ਦਾ ਦੌਰਾ ਕੀਤਾ ਤੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਅਸ਼ੋਕ ਰੋਹਿਲਾ, ਕਮੇਟੀ ਮੈਂਬਰ ਸੁਸ਼ੀਲ ਕੁਮਾਰ ਗੁਲਾਟੀ, ਸੁਰੱਖਿਆ ਅਧਿਕਾਰੀ ਗੁਰਪ੍ਰੀਤ ਸਿੰਘ ਅਤੇ ਪ੍ਰੀਤੀ ਨੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਰਿਪੋਰਟ ਪੇਸ਼ ਕੀਤੀ।
ਜ਼ਿਲ੍ਹਾ ਬਾਲ ਭਲਾਈ ਅਧਿਕਾਰੀ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਲੜਕੀਆਂ ਅਤੇ ਲੜਕਿਆਂ ਲਈ ਬਾਲ ਘਰਾਂ ਵਿੱਚ 50 ਬੱਚਿਆਂ ਦੀ ਮਨਜ਼ੂਰ ਸਮਰੱਥਾ ਹੈ, ਜਿਸ ਵਿੱਚ ਇਸ ਸਮੇਂ ਬਾਲ ਘਰ ਵਿੱਚ ਲਗਪਗ 30 ਬੱਚੇ ਰਜਿਸਟਰਡ ਹਨ। ਇਸ ਮੌਕੇ ਸੀ ਡੀ ਪੀ ਓ (ਛਛਰੌਲੀ), ਸੁਪਰਡੈਂਟ ਮੋਨਾ ਚੌਹਾਨ ਅਤੇ ਬਲਵਿੰਦਰ ਸਿੰਘ, ਕੌਂਸਲਰ ਮਾਇਆਰਾਮ, ਸਚਿਨ ਕੁਮਾਰ ਅਤੇ ਪੂਰਾ ਸਟਾਫ ਸ਼ਾਮਲ ਸੀ। ਬਾਲਕ੍ਰਿਸ਼ਨ ਗੋਇਲ ਨੇ ਕਿਹਾ ਕਿ ਸਾਰੀਆਂ ਸੰਸਥਾਵਾਂ ਦਾ ਕੰਮਕਾਜ ਤਸੱਲੀਬਖਸ਼ ਹੈ, ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਦੇ ਰਿਕਾਰਡ ਨੂੰ ਬਹੁਤ ਮਿਹਨਤ ਨਾਲ ਸੰਭਾਲ ਰਿਹਾ ਹੈ।
