HSGMC ਨੇ SGPC ਨੂੰ ਤਿੰਨ ਦਿਨਾਂ ਦੇ ਅੰਦਰ ਮੀਰੀ ਪੀਰੀ ਇੰਸਟੀਚਿਊਟ ਦਾ ਕਬਜ਼ਾ ਸੌਂਪਣ ਲਈ ਕਿਹਾ
SGPC ਦੇ ਪ੍ਰਧਾਨ ਨੂੰ ਪੱਤਰ ਵੀ ਭੇਜਿਆ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਨੇ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਹਾਬਾਦ ਸਥਿਤ 'ਮੀਰੀ ਪੀਰੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ' ਦਾ ਕਬਜ਼ਾ ਆਪਣੇ ਹੱਥਾਂ ਵਿੱਚ ਲੈਣ ਦਾ ਫੈਸਲਾ ਕੀਤਾ ਹੈ।
ਹਰਿਆਣਾ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਨੂੰ ਤਿੰਨ ਦਿਨਾਂ ਦੇ ਅੰਦਰ ਕਬਜ਼ਾ ਸੌਂਪਣ ਲਈ ਇੱਕ ਪੱਤਰ ਵੀ ਭੇਜਿਆ ਹੈ।
ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ, "ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਹੋਰ ਗੁਰਦੁਆਰਿਆਂ ਅਤੇ ਸੰਸਥਾਵਾਂ ਵਾਂਗ, ਹਰਿਆਣਾ ਕਮੇਟੀ ਮੀਰੀ ਪੀਰੀ ਹਸਪਤਾਲ ਨੂੰ ਵੀ ਚਲਾਏਗੀ ਅਤੇ ਜਲਦੀ ਹੀ ਇਸ ਦਾ ਕਬਜ਼ਾ ਲਵੇਗੀ। ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ, ਸੰਸਥਾ ਦਾ ਕਬਜ਼ਾ ਲੈਣ ਦਾ ਮਤਾ ਕਾਰਜਕਾਰਨੀ ਦੇ ਸਾਰੇ 11 ਮੈਂਬਰਾਂ ਦੀ ਮੌਜੂਦਗੀ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਐੱਸ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਜਲਦ ਤੋਂ ਜਲਦ ਕਬਜ਼ਾ ਸੌਂਪਣ ਲਈ ਪੱਤਰ ਭੇਜਿਆ ਗਿਆ ਹੈ ਤਾਂ ਜੋ ਹਸਪਤਾਲ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਇਆ ਜਾ ਸਕੇ।"
ਉਨ੍ਹਾਂ ਕਿਹਾ, "ਜੇਕਰ ਐੱਸ ਜੀ ਪੀ ਸੀ ਤਿੰਨ ਦਿਨਾਂ ਦੇ ਅੰਦਰ ਕਬਜ਼ਾ ਸੌਂਪਣ ਵਿੱਚ ਅਸਫਲ ਰਹਿੰਦੀ ਹੈ, ਤਾਂ ਹਰਿਆਣਾ ਕਮੇਟੀ ਇਸ ਦਾ ਪ੍ਰਬੰਧਨ ਆਪਣੇ ਹੱਥਾਂ ਵਿੱਚ ਲੈ ਲਵੇਗੀ। ਬਕਾਇਆ ਤਨਖਾਹਾਂ ਦੇ ਕਾਰਨ, ਮੀਰੀ ਪੀਰੀ ਹਸਪਤਾਲ ਦਾ ਸਟਾਫ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਹੈ, ਜਿਸ ਨਾਲ ਮਰੀਜ਼ਾਂ ਅਤੇ ਸਟਾਫ ਮੈਂਬਰਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਅਗਲੇ ਫੈਸਲੇ ਲੈਣ ਲਈ 72 ਘੰਟਿਆਂ ਬਾਅਦ ਕਾਰਜਕਾਰਨੀ ਦੀ ਇੱਕ ਹੋਰ ਮੀਟਿੰਗ ਕੀਤੀ ਜਾਵੇਗੀ।"
ਕਰਮਚਾਰੀਆਂ ਦੀ ਰੁਕੀ ਹੋਈ ਤਨਖ਼ਾਹ ਬਾਰੇ ਝੀਂਡਾ ਨੇ ਕਿਹਾ, "ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਈ ਵਿੱਚ ਹਰਿਆਣਾ ਕਮੇਟੀ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਸੀ, ਪਰ ਅਜੇ ਤੱਕ ਇਸ ਦਾ ਕਬਜ਼ਾ ਨਹੀਂ ਲਿਆ ਜਾ ਸਕਿਆ ਹੈ। ਜਿੱਥੇ ਐੱਸ ਜੀ ਪੀ ਸੀ ਨੂੰ ਦੋ ਮਹੀਨਿਆਂ ਦੀ ਤਨਖ਼ਾਹ ਦੇਣੀ ਚਾਹੀਦੀ ਹੈ, ਉੱਥੇ ਹੀ ਹਰਿਆਣਾ ਕਮੇਟੀ ਇੱਕ ਮਹੀਨੇ ਦਾ ਬਕਾਇਆ ਅਦਾ ਕਰੇਗੀ। ਹਰਿਆਣਾ ਕਮੇਟੀ ਕਬਜ਼ਾ ਲੈਣ ਤੋਂ ਬਾਅਦ ਆਪਣਾ ਬਕਾਇਆ ਚੁਕਾਏਗੀ।"
ਸਟਾਫ ਦੀਆਂ ਤਨਖਾਹਾਂ ਨਾਲ ਜੁੜਿਆ ਮਾਮਲਾ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋਲ ਵਿਚਾਰ ਅਧੀਨ ਹੈ।
ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਸੰਸਥਾ ਦੇ ਪ੍ਰਬੰਧਨ ਸਬੰਧੀ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਅਤੇ ਸਾਰੇ ਮੈਂਬਰਾਂ ਵੱਲੋਂ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਕਮੇਟੀ ਨੇ ਤਨਖਾਹਾਂ ਲਈ ਰੋਸ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਅਤੇ ਸਟਾਫ਼ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਣਮਿੱਥੇ ਸਮੇਂ ਦੀ ਹੜਤਾਲ ਖ਼ਤਮ ਕਰਨ ਅਤੇ ਆਪਣੀਆਂ ਡਿਊਟੀਆਂ 'ਤੇ ਵਾਪਸ ਪਰਤਣ। ਕਰਮਚਾਰੀਆਂ ਦੀਆਂ ਤਨਖਾਹਾਂ ਦਾ ਭੁਗਤਾਨ ਜਲਦੀ ਹੀ ਕਰ ਦਿੱਤਾ ਜਾਵੇਗਾ।

