ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਵੱਲੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਚੇਅਰਮੈਨ ਡਾ. ਕੁਲਦੀਪ ਸਿੰਘ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਧਰਮ, ਸੱਚਾਈ ਅਤੇ ਦਲੇਰੀ ਦੀਆਂ ਅਮਿਟ ਮਿਸਾਲਾਂ ਹਨ। ਉਨ੍ਹਾਂ ਕਿਹਾ ਕਿ ਪੋਹ ਦੇ ਮਹੀਨੇ ਨੂੰ ਸਿੱਖ ਇਤਿਹਾਸ ਵਿੱਚ ਸ਼ਹਾਦਤਾਂ ਦਾ ਮਹੀਨਾ ਮੰਨਿਆ ਜਾਂਦਾ ਹੈ। ਮਨੁੱਖਤਾ ਦੀ ਭਲਾਈ ਲਈ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਦੁਨੀਆ ਵਿੱਚ ਬੇਮਿਸਾਲ ਹੈ।
ਡਾ. ਕੁਲਦੀਪ ਸਿੰਘ ਨੇ ਇਤਿਹਾਸਕ ਪਿਛੋਕੜ ਸਾਂਝਾ ਕਰਦਿਆਂ ਦੱਸਿਆ ਕਿ ਜਦੋਂ ਗੁਰੂ ਸਾਹਿਬ ਨੇ ਪਰਿਵਾਰ ਅਤੇ ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ’ਤੇ ਪੂਰਾ ਪਰਿਵਾਰ ਵਿਛੜ ਗਿਆ। ਸਰਸਾ ਵਿੱਚ ਆਏ ਹੜ੍ਹ ਕਾਰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਨਦੀ ਪਾਰ ਨਹੀਂ ਕਰ ਸਕੇ ਸਨ। ਉਨ੍ਹਾਂ ਕਿਹਾ ਕਿ ਇਸ ਭਾਸ਼ਣ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਮੂਲ ਸਿਧਾਂਤਾਂ ਨਾਲ ਜੋੜਨਾ ਹੈ। ਸਮਾਗਮ ਦੌਰਾਨ ਹੋਰਨਾਂ ਵਿਦਵਾਨ ਬੁਲਾਰਿਆਂ ਗੁਰਮੀਤ ਸਿੰਘ ਅਤੇ ਬੂਟਾ ਸਿੰਘ ਨੇ ਸਿੱਖ ਇਤਿਹਾਸ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਅਜਿਹੀ ਸ਼ਹਾਦਤ ਮਨੁੱਖੀ ਇਤਿਹਾਸ ਵਿੱਚ ਅਟੁੱਟ ਵਿਸ਼ਵਾਸ ਦੀ ਵਿਲੱਖਣ ਉਦਾਹਰਣ ਹੈ। ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਨੈਤਿਕ ਸੰਕਟ ਦੇ ਦੌਰ ਵਿੱਚ ਸਾਹਿਬਜ਼ਾਦਿਆਂ ਦੀ ਕੁਰਬਾਨੀ ਸਾਨੂੰ ਸੱਚ, ਨਿਆਂ ਅਤੇ ਸਵੈ-ਮਾਣ ਲਈ ਡਟਣ ਦੀ ਪ੍ਰੇਰਨਾ ਦਿੰਦੀ ਹੈ। ਇਸ ਮੌਕੇ ਵਿਭਾਗ ਦੇ ਖੋਜਾਰਥੀ ਮਲਕੀਤ ਸਿੰਘ ਨੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਵਿਤਾ ਪੇਸ਼ ਕੀਤੀ। ਅੰਤ ਵਿੱਚ ਡਾ. ਲਤਾ ਖੇੜਾ ਅਤੇ ਡਾ. ਗੁਰਪ੍ਰੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਪ੍ਰੋਫੈਸਰ ਸਾਹਿਬਾਨ ਮੌਜੂਦ ਸਨ।

