ਸ੍ਰੀ ਕ੍ਰਿਸ਼ਨ ਆਯੂਸ਼ ਯੂਨੀਵਰਸਿਟੀ ਵਿੱਚ ਰੰਗਾਂ ਦਾ ਤਿਉਹਾਰ ਹੋਲੀ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਵੈਦਿਆ ਕਰਤਾਰ ਸਿੰਘ ਧੀਮਾਨ ਅਤੇ ਰਜਿਸਟਰਾਰ ਪ੍ਰੋ. ਬ੍ਰਿਜੇਂਦਰ ਸਿੰਘ ਤੋਮਰ ਨੇ ਅਧਿਆਪਕਾਂ, ਸਟਾਫ ਅਤੇ ਵਿਦਿਆਰਥੀਆਂ ਨਾਲ ਫੁੱਲਾਂ ਤੇ ਗੁਲਾਲ ਨਾਲ ਹੋਲੀ ਖੇਡੀ ਅਤੇ ਸਾਰਿਆਂ ਨੂੰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।
ਸਮਾਗਮ ਦੌਰਾਨ ਵਿਦਿਆਰਥੀਆਂ ਨੇ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਨਾਚ, ਗੀਤ, ਕਵਿਤਾਵਾਂ ਅਤੇ ਦੋਹਿਆਂ ਦੀ ਪੇਸ਼ਕਾਰੀ ਨੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ ਅਤੇ ਪੂਰਾ ਕੈਂਪਸ ਰੰਗਾਂ, ਹਾਸਿਆਂ ਤੇ ਉਤਸ਼ਾਹ ਨਾਲ ਭਰ ਗਿਆ। ਆਪਣੇ ਸੰਬੋਧਨ ਵਿੱਚ ਵਾਈਸ ਚਾਂਸਲਰ ਪ੍ਰੋ. ਧੀਮਾਨ ਨੇ ਭਗਤ ਪ੍ਰਹਿਲਾਦ ਦੀ ਕਥਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੋਲੀ ਸਿਰਫ ਰੰਗਾਂ ਦਾ ਤਿਉਹਾਰ ਨਹੀਂ, ਸਗੋਂ ਸੱਚ, ਵਿਸ਼ਵਾਸ ਅਤੇ ਸਕਾਰਾਤਮਕਤਾ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਪ੍ਰੇਰਨਾ ਦਿੱਤੀ ਕਿ ਜਿਵੇਂ ਭਗਤ ਪ੍ਰਹਿਲਾਦ ਨੇ ਔਖੇ ਹਾਲਾਤ ਵਿੱਚ ਵੀ ਆਪਣਾ ਸਿਦਕ ਨਹੀਂ ਛੱਡਿਆ, ਉਸੇ ਤਰ੍ਹਾਂ ਸਾਨੂੰ ਵੀ ਜੀਵਨ ਵਿੱਚ ਪਿਆਰ, ਸਦਭਾਵਨਾ ਅਤੇ ਏਕਤਾ ਦਾ ਪੱਲਾ ਫੜਨਾ ਚਾਹੀਦਾ ਹੈ।
ਰਜਿਸਟਰਾਰ ਪ੍ਰੋ. ਬ੍ਰਿਜੇਂਦਰ ਸਿੰਘ ਤੋਮਰ ਨੇ ਕਿਹਾ ਕਿ ਅਜਿਹੇ ਸਮਾਗਮ ਸੰਸਥਾ ਵਿੱਚ ਪਰਿਵਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਇੰਸਟੀਚਿਊਟ ਆਫ ਆਯੂਰਵੈਦਿਕ ਸਟੱਡੀਜ਼ ਐਂਡ ਰਿਸਰਚ ਦੇ ਪ੍ਰਿੰਸੀਪਲ ਪ੍ਰੋ. ਆਸ਼ੀਸ਼ ਮਹਿਤਾ, ਮੈਡੀਕਲ ਸੁਪਰਡੈਂਟ ਪ੍ਰੋ. ਰਾਜਾ ਸਿੰਗਲਾ, ਪ੍ਰੋ. ਵਿਦੁਸ਼ੀ ਤਿਆਗੀ, ਡਾ. ਸੁਧੀਰ ਮਲਿਕ, ਪ੍ਰੋ. ਅਮਿਤ ਕਟਾਰੀਆ, ਪ੍ਰੋ. ਮਨੋਜ ਤੰਵਰ ਅਤੇ ਪ੍ਰੋ. ਸ਼ੀਤਲ ਸਿੰਗਲਾ ਸਮੇਤ ਵੱਡੀ ਗਿਣਤੀ ਵਿੱਚ ਸਟਾਫ ਮੈਂਬਰ ਹਾਜ਼ਰ ਸਨ।
ਰੋਟਰੀ ਕਲੱਬ ਦੇ ਮੈਂਬਰਾਂ ਨੇ ਹੋਲੀ ਮਨਾਈ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਰੋਟਰੀ ਕਲੱਬ ਵੱਲੋਂ ਲਾਡਵਾ ਰੋਡ ਸਥਿਤ ਰਿਜ਼ੋਰਟ ਵਿੱਚ ਹੋਲੀ ਮਨਾਈ ਗਈ। ਇਸ ਸਮਾਗਮ ਦੌਰਾਨ ਕਲੱਬ ਦੇ ਮੈਂਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਅਤੇ ਫੁੱਲਾਂ ਦੀ ਹੋਲੀ ਖੇਡੀ। ਲਾਈਵ ਬੈਂਡ ਦੇ ਸੰਗੀਤ ਅਤੇ ਦਿਲਚਸਪ ਖੇਡਾਂ, ਖਾਸ ਕਰਕੇ ਤੰਬੋਲਾ ਨੇ ਸਾਰਿਆਂ ਦਾ ਮਨ ਮੋਹ ਲਿਆ। ਕਲੱਬ ਦੇ ਪ੍ਰਧਾਨ ਡਾ. ਆਰ ਐੱਸ ਘੁੰਮਣ ਨੇ ਕਿਹਾ ਕਿ ਹੋਲੀ ਸਿਰਫ਼ ਰੰਗਾਂ ਦਾ ਹੀ ਨਹੀਂ, ਸਗੋਂ ਸਮਾਜਿਕ ਬਰਾਬਰੀ, ਭਾਈਚਾਰੇ ਅਤੇ ਆਪਸੀ ਵਿਸ਼ਵਾਸ ਦਾ ਪ੍ਰਤੀਕ ਹੈ। ਪ੍ਰਾਜੈਕਟ ਚੇਅਰਮੈਨ ਚੰਦਰ ਸ਼ੇਖਰ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਮੈਂਬਰਾਂ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਇੱਕ ਸਾਂਝਾ ਮੰਚ ਪ੍ਰਦਾਨ ਕਰਨਾ ਸੀ। ਕਲੱਬ ਸਕੱਤਰ ਵਿਕਰਮ ਗੁਪਤਾ ਨੇ ਕਿਹਾ ਕਿ ਰੋਟਰੀ ਸਿਰਫ਼ ਸੇਵਾ ਹੀ ਨਹੀਂ, ਸਗੋਂ ਭਾਈਚਾਰਕ ਸਾਂਝ ਨੂੰ ਵੀ ਤਰਜੀਹ ਦਿੰਦਾ ਹੈ।

