ਫਰੀਦਾਬਾਦ ਤੋਂ ਸ਼ੁਰੂ ਹੋਵੇਗੀ ‘ਹਿੰਦ ਕੀ ਚਾਦਰ’ ਯਾਤਰਾ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਓ ਐੱਸ ਡੀ ਪ੍ਰਭਲੀਨ ਸਿੰਘ ਨੇ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਪੁਰਬ ’ਤੇ ‘ਹਿੰਦ ਕੀ ਚਾਦਰ’ ਯਾਤਰਾ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਵਿਕਰਮ ਸਿੰਘ ਵੀ ਮੌਜੂਦ ਸਨ। ਪ੍ਰਭਲੀਨ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ‘ਹਿੰਦ ਕੀ ਚਾਦਰ’ ਦੀ 350ਵੇਂ ਸ਼ਹੀਦੀ ਦਿਹਾੜੇ ਦੀ ਯਾਦ ਵਿੱਚ 25 ਨਵੰਬਰ ਨੂੰ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਵਿਸ਼ਾਲ ਸੂਬਾ ਪੱਧਰੀ ਸਮਾਗਮ ਕਰੇਗੀ। ਤੀਜੀ ‘ਹਿੰਦ ਕੀ ਚਾਦਰ’ ਯਾਤਰਾ 14 ਨਵੰਬਰ ਨੂੰ ਸੈਕਟਰ-15 ਸਥਿਤ ਗੁਰਦੁਆਰਾ ਗੁਰੂ ਸਿੰਘ ਸਭਾ ਤੋਂ ਰਵਾਨਾ ਹੋਵੇਗੀ। ਇਹ ਯਾਤਰਾ ਫ਼ਰੀਦਾਬਾਦ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚੋਂ ਹੋ ਕੇ ਗੁਰੂਗ੍ਰਾਮ, ਰੋਹਤਕ, ਸੋਨੀਪਤ, ਪਾਣੀਪਤ ਅਤੇ ਕਰਨਾਲ ਵਿੱਚੋਂ ਲੰਘਦੀ ਹੋਈ ਕੁਰੂਕਸ਼ੇਤਰ ਪਹੁੰਚੇਗੀ। ਡੀ ਸੀ ਵਿਕਰਮ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਯਾਤਰਾ ਲਈ ਪ੍ਰਬੰਧ ਯਕੀਨੀ ਬਣਾਉਣ। ਇਸ ਤੋਂ ਇਲਾਵਾ ਮੀਟਿੰਗ ਵਿੱਚ ਏ ਡੀ ਸੀ ਸਤਬੀਰ ਮਾਨ, ਸੀ ਈ ਓ ਜ਼ਿਲ੍ਹਾ ਪਰਿਸ਼ਦ ਸ਼ਿਖਾ, ਐੱਸ ਡੀ ਐੱਮ ਬੱਲਭਗੜ੍ਹ ਮਯਾਂਕ ਭਾਰਦਵਾਜ, ਸੀ ਟੀ ਐੱਮ ਅੰਕਿਤ ਕੁਮਾਰ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 15 ਫਰੀਦਾਬਾਦ ਤੋਂ ਪ੍ਰਧਾਨ ਰਾਣਾ ਕੌਰ ਭੱਟੀ (ਸਾਬਕਾ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ), ਗੁਰਿੰਦਰ ਸਿੰਘ ਆਹੂਜਾ (ਜਨਰਲ ਸਕੱਤਰ), ਨਵਜੀਤ ਸਿੰਘ ਬਿੰਦਰਾ, ਗੁਰਮੀਤ ਸਿੰਘ ਬਿੰਦਰਾ, ਜਤਿੰਦਰ ਕੌਰ, ਐੱਸ ਐੱਸ ਬਾਂਗਾ, ਰਵਿੰਦਰਪਾਲ ਕੌਰ, ਗੁਰਪ੍ਰਸਾਦ ਸਿੰਘ, ਰਵਿੰਦਰ ਸਿੰਘ ਰਾਣਾ, ਭਾਜਪਾ ਕੌਂਸਲਰ ਦਵਿੰਦਰ ਸਿੰਘ ਤੋਂ ਇਲਾਵਾ ਜਵਾਹਰ ਕਲੋਨੀ, ਐੱਨ ਆਈ ਟੀ ਨੰਬਰਾਂ ਦੇ ਗੁਰਦੁਆਰਿਆਂ ਦੇ ਅਹੁਦੇਦਾਰ ਸ਼ਾਮਲ ਹੋਏ।
