ਪ੍ਰਭੂ ਦਿਆਲ
ਸਿਰਸਾ, 15 ਅਪਰੈਲ
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਅਵਿਵਸਥਾ ਹੋਣ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਰਦਾਨੇ ਦੀ ਕਮੀ ਤੇ ਖ਼ਰੀਦੀ ਹੋਈ ਫ਼ਸਲ ਦੀ ਮੰਡੀਆਂ ’ਚੋਂ ਚੁਕਾਈ ਨਾ ਹੋਣ ਕਾਰਨ ਮੰਡੀਆਂ ’ਚ ਕਣਕ ਦੇ ਬੋਰੀਆਂ ਲੱਗ ਗਏ ਹਨ। ਕਿਸਾਨ ਕਣਕ ਖੁੱਲ੍ਹੇ ਅਸਮਾਨ ਹੇਠ ਸੁੱਟਣ ਤੇ ਸੜਕਾਂ ’ਤੇ ਢੇਰੀਆਂ ਲਾਉਣ ਲਈ ਮਜਬੂਰ ਹਨ। ਕਈ ਕਿਸਾਨਾਂ ਨੇ ਦੱਸਿਆ ਕਿ ਉਹ ਚਾਰ-ਪੰਜ ਦਿਨਾਂ ਤੋਂ ਮੰਡੀਆਂ ਵਿੱਚ ਕਣਕ ਲੈ ਕੇ ਆਏ ਹੋਏ ਹਨ ਪਰ ਕਣਕ ਦੇ ਤੁਲਣ ਵਿੱਚ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਉੱਧਰ, ਸਿਰਸਾ ਮਾਰਕੀਟ ਕਮੇਟੀ ਦੇ ਸਕੱਤਰ ਵਿਕਾਸ ਸੇਤੀਆ ਨੇ ਕਿਹਾ ਕਿ ਲੋੜ ਮੁਤਾਬਕ ਆੜ੍ਹਤੀਆਂ ਨੂੰ ਬਾਰਦਾਨਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜਿਹੜੇ ਕਿਸਾਨਾਂ ਨੇ ‘ਮੇਰੀ ਫ਼ਸਲ, ਮੇਰਾ ਬਿਓਰਾ’ ਉੱਤੇ ਆਪਣਾ ਰਜਿਸਟਰੇਸ਼ਨ ਕਰਵਾਇਆ ਹੈ, ਉਨ੍ਹਾਂ ਨੂੰ ਨੰਬਰ ਅਨੁਸਾਰ ਟੋਕਨ ਦਿੱਤਾ ਜਾ ਰਿਹਾ ਹੈ। ਕਣਕ ਦੀ ਚੁਕਾਈ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਰਹੀ ਹੈ।