Haryana Transfers: ਛੇ IAS ਅਤੇ 18 HCS ਅਧਿਕਾਰੀਆਂ ਦੇ ਤਬਾਦਲੇ
Panipat ਅਤੇ Palwal ਤੇ ਨੂੰ ਮਿਲੇ ਨਵੇਂ ਡਿਪਟੀ ਕਮਿਸ਼ਨਰ
ਹਰਿਆਣਾ ਸਰਕਾਰ ਨੇ ਸੋਮਵਾਰ ਨੂੰ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਛੇ IAS ਅਤੇ 18 ਹਰਿਆਣਾ ਸਿਵਲ ਸੇਵਾ (HCS) ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰੀ ਆਦੇਸ਼ਾਂ ਅਨੁਸਾਰ ਇਸ ਫੇਰਬਦਲ ਵਿੱਚ ਕਈ ਜ਼ਿਲ੍ਹਿਆਂ ਦੇ ਮੁਖੀਆਂ ਨੂੰ ਬਦਲਿਆ ਗਿਆ ਹੈ, ਜਿਸ ਤਹਿਤ ਪਾਣੀਪਤ ਦੇ ਡਿਪਟੀ ਕਮਿਸ਼ਨਰ (ਡੀ.ਸੀ.) ਵੀਰੇਂਦਰ ਕੁਮਾਰ ਦਹੀਆ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਸੈਕ੍ਰੇਟੇਰੀਏਟ ਐਸਟੈਬਲਿਸ਼ਮੈਂਟ ਵਿੱਚ ਵਿਸ਼ੇਸ਼ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹ ਹਰਿਆਣਾ ਦੇ ਵਾਤਾਵਰਨ ਵਿਭਾਗ ਦੇ ਡਾਇਰੈਕਟਰ ਅਤੇ ਵਾਤਾਵਰਨ, ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਵਿਸ਼ੇਸ਼ ਸਕੱਤਰ ਦਾ ਵਾਧੂ ਚਾਰਜ ਵੀ ਸੰਭਾਲਦੇ ਰਹਿਣਗੇ।
ਸਰਕਾਰ ਵੱਲੋਂ ਜਾਰੀ ਸੂਚੀ ਅਨੁਸਾਰ ਪਲਵਲ ਦੇ ਡਿਪਟੀ ਕਮਿਸ਼ਨਰ ਹਰੀਸ਼ ਕੁਮਾਰ ਵਸ਼ਿਸ਼ਟ ਨੂੰ ਹੁਣ ਪਾਣੀਪਤ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ 'ਤੇ ਵਿੱਤ ਵਿਭਾਗ ਵਿੱਚ ਵਿਸ਼ੇਸ਼ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਜੈਇੰਦਰ ਸਿੰਘ ਛਿੱਲਰ ਨੂੰ ਪਲਵਲ ਜ਼ਿਲ੍ਹੇ ਦਾ ਨਵਾਂ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ।
ਬਦਲੇ ਗਏ 18 ਹਰਿਆਣਾ ਸਿਵਲ ਸੇਵਾ (HCS) ਅਧਿਕਾਰੀਆਂ ਵਿੱਚ ਹਿਸਾਰ ਨਗਰ ਨਿਗਮ ਦੀ ਵਧੀਕ ਕਮਿਸ਼ਨਰ ਸ਼ਾਲਿਨੀ ਚੇਤਲ ਸ਼ਾਮਲ ਹਨ, ਜਿਨ੍ਹਾਂ ਨੂੰ ਹੁਣ ਹਿਸਾਰ ਦੀ ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਨਾਗਰਿਕ ਸਰੋਤ ਸੂਚਨਾ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਆਬਕਾਰੀ ਤੇ ਕਰ ਵਿਭਾਗ ਵਿੱਚ ਫਲਾਇੰਗ ਸਕੁਐਡ ਅਫ਼ਸਰ ਵਜੋਂ ਤਾਇਨਾਤ ਆਸ਼ੂਤੋਸ਼ ਰਾਜਨ ਨੂੰ ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਵਧੀਕ ਡਾਇਰੈਕਟਰ (ਪ੍ਰਸ਼ਾਸਨ) ਦੇ ਅਹੁਦੇ 'ਤੇ ਭੇਜਿਆ ਗਿਆ ਹੈ। ਸ਼ਾਹਬਾਦ ਦੇ ਉਪ ਮੰਡਲ ਮੈਜਿਸਟਰੇਟ (ਸਿਵਲ) ਸ਼ੰਭੂ ਨੂੰ ਉਨ੍ਹਾਂ ਦੀਆਂ ਮੌਜੂਦਾ ਡਿਊਟੀਆਂ ਦੇ ਨਾਲ-ਨਾਲ ਹਰਿਆਣਾ ਦੇ ਲੈਂਡ ਹੋਲਡਿੰਗਜ਼ ਐਂਡ ਲੈਂਡ ਰਿਕਾਰਡਜ਼ (ਜ਼ਮੀਨੀ ਚੱਕਬੰਦੀ ਅਤੇ ਰਿਕਾਰਡ) ਵਿਭਾਗ ਦੇ ਵਧੀਕ ਡਾਇਰੈਕਟਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।

