Haryana Polluted Water: ਦੇਸੂਜੋਧਾ ਵਿੱਚ ਪੀਲੀਏ ਕਾਰਨ 100 ਤੋਂ ਵੱਧ ਬੱਚੇ ਬਿਮਾਰ
ਦੂਸ਼ਿਤ ਪੀਣ ਵਾਲੇ ਪਾਣੀ ਕਾਰਨ ਆਈ ਸਮੱਸਿਆ: ਪਿੰਡ ਵਾਸੀ; ਡੱਬਵਾਲੀ, ਬਠਿੰਡਾ ਤੇ ਹੋਰ ਹਸਪਤਾਲਾਂ ’ਚ ਦਾਖਲ ਹਨ ਬੱਚੇ
ਪਿੰਡ ਦੇਸੂਜੋਧਾ ਵਿੱਚ 100 ਤੋਂ ਵੱਧ ਬੱਚੇ ਪੀਲੀਏ ਦੀ ਲਪੇਟ ਵਿੱਚ ਆ ਗਏ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਕਰ ਕੇ ਹੋਇਆ ਹੈ। ਇਸ ਕਾਰਨ ਪਿੰਡ ਵਾਸੀਆਂ ਨੇ ਅੱਜ ਵਾਟਰ ਵਰਕਸ ’ਤੇ ਰੋਸ ਪ੍ਰਗਟ ਕੀਤਾ।
ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਪਾਣੀ ਦੀ ਪਾਈਪਲਾਈਨ ਵਿੱਚ ਲੀਕੇਜ ਹੈ, ਜਿਸ ਕਾਰਨ ਨਾਲੀਆਂ ਅਤੇ ਪਖਾਨਿਆਂ ਦਾ ਗੰਦਾ ਪਾਣੀ ਪੀਣ ਵਾਲੀ ਲਾਈਨ ਵਿੱਚ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਘਰਾਂ ਦੇ ਬੱਚੇ ਬਿਮਾਰ ਹਨ ਤੇ ਉਨ੍ਹਾਂ ਦਾ ਇਲਾਜ ਡੱਬਵਾਲੀ, ਬਠਿੰਡਾ, ਰਾਮਾਂ ਮੰਡੀ, ਸਿਰਸਾ ਤੇ ਲੁਧਿਆਣਾ ਦੇ ਹਸਪਤਾਲਾਂ ਵਿੱਚ ਚੱਲ ਰਿਹਾ ਹੈ।
ਸਮੱਸਿਆ ਵਧਣ ’ਤੇ ਅੱਜ ਗੁਰਦੁਆਰੇ ਵਿਚ ਹੋਕਾ ਦੇ ਕੇ ਲੋਕਾਂ ਨੂੰ ਵਾਟਰ ਵਰਕਸ ’ਤੇ ਸੱਦਿਆ ਗਿਆ। ਕਿਸਾਨ ਆਗੂ ਗੁਰਪ੍ਰੇਮ ਸਿੰਘ, ਕਾਲਾ ਸਿੰਘ, ਕੁਲਦੀਪ ਸਿੰਘ, ਲਾਭ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਵਾਟਰ ਵਰਕਸ ਦੀ ਮੁੱਖ ਪਾਈਪਲਾਈਨ ਕਈ ਥਾਵਾਂ ਤੋਂ ਲੀਕ ਹੈ, ਜਿਸ ਦਾ ਸ਼ਿਕਾਇਤਾਂ ਦੇ ਬਾਵਜੂਦ ਹੱਲ ਨਹੀਂ ਹੋਇਆ।
ਕਾਲਾ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਪੀਲੀਆ ਕਾਰਨ ਹਸਪਤਾਲ ਵਿੱਚ ਦਾਖਲ ਹੈ। ਪਾਲਾ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਬੱਚਿਆਂ ਦਾ ਇਲਾਜ ਪੱਕਾ ਕਲਾਂ ਦੇ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਸਪਲਾਈ ਵਿੱਚ ਕਾਲੇ ਗਾਦ ਵਾਲਾ ਤੇ ਹਰਾ ਪਾਣੀ ਆ ਰਿਹਾ ਹੈ।
ਗੁਰਪ੍ਰੇਮ ਸਿੰਘ ਨੇ ਦੱਸਿਆ ਕਿ ਕਈ ਮਰੀਜ਼ਾਂ ਦੀ ਹਾਲਤ ਵਿਗੜਨ ’ਤੇ ਉਨ੍ਹਾਂ ਨੂੰ ਲੁਧਿਆਣਾ ਭੇਜਿਆ ਗਿਆ ਹੈ। ਉਨ੍ਹਾਂ ਅਨੁਸਾਰ ਕੁਲਦੀਪ ਸਿੰਘ, ਲਾਭ ਸਿੰਘ ਤੇ ਹੈਪੀ ਭੁੱਲਰ ਦੇ ਪਰਿਵਾਰਾਂ ਦੇ ਤਿੰਨ-ਤਿੰਨ ਮੈਂਬਰ ਪੀਲੀਆ ਤੋਂ ਪੀੜਤ ਹਨ, ਹੋਰ ਕਈ ਪਰਿਵਾਰਾਂ ਦੇ ਮੈਂਬਰ ਵੀ ਬਿਮਾਰ ਹਨ।
ਦੂਜੇ ਪਾਸੇ ਸਰਪੰਚ ਚਰਨਜੀਤ ਸਿੰਘ ਨੇ ਦੱਸਿਆ ਕਿ ਜਨ ਸਿਹਤ ਵਿਭਾਗ ਦੇ ਕਰਮਚਾਰੀ ਪਾਈਪਲਾਈਨ ਲੀਕੇਜ ਠੀਕ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ 100 ਲੋਕਾਂ ਦੇ ਪੀਲੀਆ ਤੋਂ ਪੀੜਤ ਹੋਣ ਦੇ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ।
ਜਨ ਸਿਹਤ ਵਿਭਾਗ ਦੇ ਐੱਸਡੀਓ ਡਾ. ਵਿਸ਼ਾਲ ਜਿਆਣੀ ਨੇ ਦੱਸਿਆ ਕਿ ਪਿੰਡ ਵਿੱਚ ਨਵੀਂ ਪਾਣੀ ਦੀ ਪਾਈਪਲਾਈਨ ਪਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਮਾਮਲਾ ਸਾਹਮਣੇ ਆਉਣ ‘ਤੇ ਬਾਅਦ ਟੀਮ ਨੂੰ ਦਰੁਸਤੀ ਲਈ ਭੇਜਿਆ ਹੈ। ਸਿਵਲ ਹਸਪਤਾਲ ਡੱਬਵਾਲੀ ਦੇ ਵਧੀਕ ਐੱਸਐੱਮਓ ਡਾ. ਹਰਸਿਮਰਨ ਸਿੰਘ ਨੇ ਕਿਹਾ ਕਿ ਪੀਲੀਆ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਪਾਣੀ ਦੇ ਨਮੂਨੇ ਲੈ ਕੇ ਜਾਂਚ ਕਰਵਾਈ ਜਾਵੇਗੀ।

