ਪੀ. ਪੀ. ਵਰਮਾ
ਪੰਚਕੂਲਾ, 6 ਅਕਤੂਬਰ
ਇਥੋਂ ਦੇ ਭਾਜਪਾ ਦਫ਼ਤਰ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਪੰਚਾਇਤੀ ਚੋਣਾਂ ਨੂੰ ਲੈ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਤੇ ਹਰਿਆਣਾ ਭਾਜਪਾ ਦੇ ਸੂਬਾਈ ਮਾਮਲਿਆਂ ਦੇ ਮੁਖੀ ਬਿਤਲਬਦੇਵ ਵੀ ਸ਼ਾਮਲ ਹੋਏ। ਹਾਲ ਹੀ ਵਿਚ ਭਾਜਪਾ ਵਿੱਚ ਸ਼ਾਮਲ ਹੋਏ ਕੁਲਦੀਪ ਬਿਸ਼ਨੋਈ ਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਵੀ ਮੀਟਿੰਗ ਵਿੱਚ ਹਾਜ਼ਰ ਸਨ। ਕੁਲਦੀਪ ਬਿਸ਼ਨੋਈ ਨੇ ਇਸ ਮੌਕੇ ਆਦਮਪੁਰ ਉਪ ਚੋਣਾਂ ਬਾਰੇ ਵੱਖਰੀ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਭਾਜਪਾ ਦਾ ਹਰ ਵਰਕਰ ਬੂਥ ਤੋਂ ਲੈ ਕੇ ਬਲਾਕ, ਜ਼ਿਲ੍ਹਾ, ਹਲਕਾ ਅਤੇ ਸਟੇਟ ਪੱਧਰ ਤੱਕ ਦਿਨ ਰਾਤ ਲੋਕਾਂ ਨਾਲ ਜੁੜਿਆ ਰਿਹਾ ਹੈ।
ਹਰਿਆਣਾ ’ਚ ਦਸ ਹਜ਼ਾਰ ਏਕੜ ਵਿਚ ਵਿਕਸਿਤ ਹੋਵੇਗਾ ਸਫਾਰੀ ਪਾਰਕ
ਪੰਚਕੂਲਾ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਗੁਰੂਗ੍ਰਾਮ ਅਤੇ ਨੂੰਹ ਵਿਚ ਅਰਾਵਲੀ ਪਹਾੜੀ ਲੜੀ ਵਿਚ 10,000 ਏਕੜ ਖੇਤਰ ਵਿਚ ਦੁਨੀਆ ਦਾ ਸਭ ਤੋਂ ਵੱਡਾ ਜੰਗਲ ਸਫਾਰੀ ਪਾਰਕ ਵਿਕਸਿਤ ਕੀਤਾ ਜਾਵੇਗਾ। ਇਸ ਲਈ ਗੁਰੂਗ੍ਰਾਮ ਵਿਚ 6000 ਅਤੇ ਨੂੰਹ ਵਿਚ 4000 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਸ ਜੰਗਲ ਸਫਾਰੀ ਪਾਰਕ ਵਿਚ 10 ਜ਼ੋਨ ਹੋਣਗੇ। -ਪੱਤਰ ਪ੍ਰੇਰਕ
ਦੁਬਈ ਦੀਆਂ ਕੰਪਨੀਆਂ ਵੱਡਾ ਨਿਵੇਸ਼ ਕਰਨ ਲਈ ਤਿਆਰ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਦੁਬਈ ਦੀਆਂ 13 ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਹਰਿਆਣਾ ਵਿਚ ਇਕ ਲੱਖ ਰੁਪਏ ਨਿਵੇਸ਼ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਦੁਬਈ ਦੀਆਂ ਪਲੇਸਮੈਂਟ ਕੰਪਨੀਆਂ ਨਾਲ ਗੱਲਬਾਤ ਕੀਤੀ ਹੈ। ਇਨ੍ਹਾਂ ਕੰਪਨੀਆਂ ਦੀ ਜ਼ਰੂਰਤ ਮੁਤਾਬਕ ਹਰਿਆਣਾ ਦੇ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਵਿਦੇਸ਼ ਵਿਚ ਰੁਜ਼ਗਾਰ ਲਈ ਭੇਜਿਆ ਜਾਵੇਗਾ। -ਟਨਸ