ਹਰਿਆਣਾ ਦੀ ਵਿਰੋਧੀ ਧਿਰ ਨੇ ਕੇਂਦਰੀ ਬਜਟ ਦੀ ਆਲੋਚਨਾ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਹਰਿਆਣਾ ਸੂਬੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਵਿਰੋਧੀ ਧਿਰ ਮੁਤਾਬਕ ਇਹ ਬਜਟ ਵਪਾਰਕ ਤਣਾਅ, ਅਮਰੀਕੀ ਟੈਰਿਫ਼ ਅਤੇ ਦਰਾਮਦ ਵਿੱਚ ਆ ਰਹੀ ਮੰਦੀ ਦੇ ਦੌਰਾਨ ਪੇਸ਼ ਕੀਤਾ ਗਿਆ, ਇਸ ਦੇ ਬਾਵਜੂਦ ਹਰਿਆਣਾ ਲਈ ਕੋਈ ਢੁਕਵਾਂ ਐਲਾਨ ਨਹੀਂ ਕੀਤਾ ਗਿਆ।
ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਬਜਟ-2026 ਵਿੱਚ ਹਰਿਆਣਾ ਲਈ ਕੁਝ ਨਹੀਂ ਹੈ ਅਤੇ ਸਿਰਫ਼ ਰਸਮੀ ਜ਼ਿਕਰ ਹੀ ਕੀਤਾ ਗਿਆ ਹੈ। ਉਨ੍ਹਾਂ ਹਿਸਾਰ ਜ਼ਿਲ੍ਹੇ ਵਿੱਚ ਸਥਿਤ ਰਾਖੀਗੜ੍ਹੀ ਦਾ ਹਵਾਲਾ ਦਿੱਤਾ, ਜਿਸ ਨੂੰ ਕੇਂਦਰੀ ਵਿੱਤ ਮੰਤਰੀ ਨੇ ਦੇਸ਼ ਦੇ 15 ਪੁਰਾਤਨ ਸਥਾਨਾਂ ਵਿੱਚ ਸ਼ਾਮਲ ਕਰਦੇ ਹੋਏ ਸੱਭਿਆਚਾਰਕ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਦੀ ਗੱਲ ਕੀਤੀ ਸੀ।
ਇਸ ਦੇ ਨਾਲ ਹੀ ਰੋਹਤਕ ਤੋਂ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਵੀ ਦਾਅਵਾ ਕੀਤਾ ਕਿ ਹਰਿਆਣਾ ਇੱਕ ਵਾਰ ਫਿਰ ਕੇਂਦਰੀ ਬਜਟ ਵਿਚੋਂ ਗਾਇਬ ਹੈ। ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਵਾਂਗ ਇਸ ਵਾਰ ਵੀ ਸੂਬੇ ਨੂੰ ਬਜਟ ਵਿੱਚ ਖਾਲੀ ਹੱਥ ਛੱਡ ਦਿੱਤਾ ਗਿਆ। ਹੁੱਡਾ ਨੇ ਸਵਾਲ ਚੁੱਕਿਆ ਕਿ ਜਦੋਂ ਹਰਿਆਣਾ ਦੇਸ਼ ਵਿੱਚ ਸਭ ਤੋਂ ਵੱਧ ਜੀਐਸਟੀ ਅਤੇ ਟੌਲ ਟੈਕਸ ਇਕੱਠਾ ਕਰਦਾ ਹੈ, ਤਾਂ ਫਿਰ ਬਜਟ ਵਿੱਚ ਉਸ ਦਾ ਹਿੱਸਾ ਜ਼ੀਰੋ ਕਿਉਂ ਹੈ ? ਪੀਟੀਆਈ

