Haryana News: ਗੈਰ-ਕਾਨੂੰਨੀ ਗਰਭਪਾਤ ਕਰਨ ਦੇ ਦੋਸ਼ ਵਿੱਚ ਫ਼ਰਜ਼ੀ ਡਾਕਟਰ ਗ੍ਰਿਫ਼ਤਾਰ
Haryana News: ਮੁਲਜ਼ਮ ਨੇ ਮੰਨਿਆ ਕਿ ਉਸ ਨੇ ਸਿਰਫ਼ 12ਵੀਂ ਤੱਕ ਪੜ੍ਹਾਈ ਕੀਤੀ ਹੈ
Haryana News: ਗੁਰੂਗ੍ਰਾਮ ਪੁਲੀਸ ਨੇ ਗੈਰ-ਕਾਨੂੰਨੀ ਗਰਭਪਾਤ ਕਰਨ ਅਤੇ ਬਿਨਾਂ ਕਿਸੇ ਯੋਗ ਮੈਡੀਕਲ ਡਿਗਰੀ ਦੇ ਕਲੀਨਿਕ ਚਲਾਉਣ ਵਾਲੇ ਇੱਕ ਫ਼ਰਜ਼ੀ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਇੱਕ ਐੱਮ.ਟੀ.ਪੀ. ਕਿੱਟ, ਵੱਡੀ ਮਾਤਰਾ ਵਿੱਚ ਦਵਾਈਆਂ ਅਤੇ ਮੈਡੀਕਲ ਉਪਕਰਣ ਬਰਾਮਦ ਕੀਤੇ ਗਏ ਹਨ।
ਪੁਲੀਸ ਅਨੁਸਾਰ, ਐਤਵਾਰ ਨੂੰ ਨੋਡਲ ਅਫ਼ਸਰ ਪੀ.ਸੀ.ਪੀ.ਐੱਨ.ਡੀ.ਟੀ., ਗੁਰੂਗ੍ਰਾਮ ਨੇ ਪੁਲੀਸ ਸਟੇਸ਼ਨ ਸੈਕਟਰ-65 ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਗੁਪਤ ਸੂਚਨਾ ਮਿਲੀ ਸੀ ਕਿ ਕਮਲ ਮਹਤੋ ਬਿਨਾਂ ਕਿਸੇ ਵੈਧ ਮੈਡੀਕਲ ਡਿਗਰੀ ਦੇ ਕਮਲ ਕਲੀਨਿਕ ਦੇ ਨਾਮ ਹੇਠ ਇੱਕ ਕਲੀਨਿਕ ਚਲਾ ਰਿਹਾ ਸੀ। ਉਹ ਕਥਿਤ ਤੌਰ 'ਤੇ ਡਾਕਟਰ ਹੋਣ ਦਾ ਦਿਖਾਵਾ ਕਰ ਰਿਹਾ ਸੀ ਅਤੇ ਗਰਭਵਤੀ ਔਰਤਾਂ ਦੇ ਗੈਰ-ਕਾਨੂੰਨੀ ਤੌਰ 'ਤੇ ਗਰਭਪਾਤ ਕਰ ਰਿਹਾ ਸੀ।
ਸੂਚਨਾ 'ਤੇ ਕਾਰਵਾਈ ਕਰਦਿਆਂ ਇੱਕ ਗਰਭਵਤੀ ਔਰਤ ਨੂੰ ਨਕਲੀ ਗਾਹਕ ਵਜੋਂ ਕਲੀਨਿਕ ਵਿੱਚ ਭੇਜਿਆ ਗਿਆ। ਦੋਸ਼ੀ ਨੇ ਗਰਭਪਾਤ ਕਰਨ ਲਈ 1,200 ਰੁਪਏ ਲਏ ਅਤੇ ਉਸ ਨੂੰ ਇੱਕ ਐੱਮ.ਟੀ.ਪੀ. (ਅਨਵਾਂਟਡ) ਕਿੱਟ ਦਿੱਤੀ, ਅਤੇ ਇਸ ਨੂੰ ਵਰਤਣ ਦਾ ਤਰੀਕਾ ਸਮਝਾਇਆ। ਨਕਲੀ ਗਾਹਕ ਵੱਲੋਂ ਪਹਿਲਾਂ ਤੋ ਤੈਅਸ਼ੁਦਾ ਸੰਕੇਤ ਮਿਲਣ 'ਤੇ, ਟੀਮ ਨੇ ਕਲੀਨਿਕ ਵਿੱਚ ਛਾਪਾ ਮਾਰਿਆ ਅਤੇ ਦੋਸ਼ੀ ਨੂੰ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ, ਮੁਲਜ਼ਮ ਨੇ ਮੰਨਿਆ ਕਿ ਉਸ ਨੇ ਸਿਰਫ਼ 12ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ ਉਸ ਕੋਲ ਕੋਈ ਮਾਨਤਾ ਪ੍ਰਾਪਤ ਮੈਡੀਕਲ ਡਿਗਰੀ ਨਹੀਂ ਹੈ। ਉਸ ਦਾ ਕਲੀਨਿਕ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ (ਐੱਮ.ਟੀ.ਪੀ.) ਐਕਟ ਤਹਿਤ ਵੀ ਰਜਿਸਟਰਡ ਨਹੀਂ ਸੀ। ਉਹ ਦਵਾਈਆਂ ਦੀ ਖਰੀਦ, ਵਿਕਰੀ ਜਾਂ ਵੰਡ ਨਾਲ ਸਬੰਧਤ ਕੋਈ ਵੀ ਮਰੀਜ਼ਾਂ ਦਾ ਰਿਕਾਰਡ ਜਾਂ ਦਸਤਾਵੇਜ਼ ਪੇਸ਼ ਕਰਨ ਵਿੱਚ ਅਸਫਲ ਰਿਹਾ। ਇਸ ਦੇ ਅਨੁਸਾਰ, ਉਸ ਵਿਰੁੱਧ ਪੁਲੀਸ ਸਟੇਸ਼ਨ ਸੈਕਟਰ-65 ਵਿੱਚ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਦੀ ਪਛਾਣ ਕਮਲ ਮਹਤੋ (27) ਪੁੱਤਰ ਵਾਸੀ ਪਿੰਡ ਦੁਰਗਾਪੁਰ, ਜ਼ਿਲ੍ਹਾ ਮਾਲਦਾ, ਪੱਛਮੀ ਬੰਗਾਲ, ਹਾਲ ਵਾਸੀ ਬੰਜਾਰਾ ਮਾਰਕੀਟ, ਪਿੰਡ ਘਾਟਾ, ਗੁਰੂਗ੍ਰਾਮ ਵਜੋਂ ਹੋਈ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਦੋਸ਼ੀ ਤੋਂ ਪੁੱਛਗਿੱਛ ਕਰ ਰਹੇ ਹਾਂ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

