DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Haryana MC Elections: ਹਰਿਆਣਾ ਦੇ ਸੱਤ ਸ਼ਹਿਰਾਂ 'ਚ ਵੱਜਿਆ ਚੋਣ ਬਿਗਲ; ਜਾਣੋ ਚੋਣਾਂ ਦਾ ਪੂਰਾ ਵੇਰਵਾ

ਸੋਨੀਪਤ, ਅੰਬਾਲਾ ਅਤੇ ਪੰਚਕੂਲਾ ਨਗਰ ਨਿਗਮ ਸਮੇਤ ਸੂਬੇ ਦੇ ਸੱਤ ਸ਼ਹਿਰਾਂ ਦੀਆਂ ਸਥਾਨਕ ਇਕਾਈਆਂ ਲਈ ਚੋਣਾਂ ਦਾ ਐਲਾਨ ਹੋ ਗਿਆ ਹੈ। ਸੋਮਵਾਰ ਨੂੰ ਰਾਜ ਚੋਣ ਕਮਿਸ਼ਨ ਨੇ ਇਨ੍ਹਾਂ ਚੋਣਾਂ ਦੇ ਨਾਲ-ਨਾਲ ਪੰਚਾਇਤਾਂ ਵਿੱਚ ਖਾਲੀ ਪਏ ਅਹੁਦਿਆਂ 'ਤੇ ਜ਼ਿਮਨੀ ਚੋਣਾਂ ਕਰਵਾਉਣ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸੋਨੀਪਤ, ਅੰਬਾਲਾ ਅਤੇ ਪੰਚਕੂਲਾ ਨਗਰ ਨਿਗਮ ਸਮੇਤ ਸੂਬੇ ਦੇ ਸੱਤ ਸ਼ਹਿਰਾਂ ਦੀਆਂ ਸਥਾਨਕ ਇਕਾਈਆਂ ਲਈ ਚੋਣਾਂ ਦਾ ਐਲਾਨ ਹੋ ਗਿਆ ਹੈ। ਸੋਮਵਾਰ ਨੂੰ ਰਾਜ ਚੋਣ ਕਮਿਸ਼ਨ ਨੇ ਇਨ੍ਹਾਂ ਚੋਣਾਂ ਦੇ ਨਾਲ-ਨਾਲ ਪੰਚਾਇਤਾਂ ਵਿੱਚ ਖਾਲੀ ਪਏ ਅਹੁਦਿਆਂ 'ਤੇ ਜ਼ਿਮਨੀ ਚੋਣਾਂ ਕਰਵਾਉਣ ਦਾ ਪ੍ਰੋਗਰਾਮ ਵੀ ਜਾਰੀ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਲਈ 10 ਮਈ ਨੂੰ ਵੋਟਾਂ ਪੈਣਗੀਆਂ ਅਤੇ 13 ਮਈ ਨੂੰ ਨਤੀਜੇ ਆਉਣਗੇ। ਇਹ ਸਾਰੀਆਂ ਚੋਣਾਂ ਈ ਵੀ ਐੱਮ (ਵੋਟਿੰਗ ਮਸ਼ੀਨ) ਰਾਹੀਂ ਕਰਵਾਈਆਂ ਜਾਣਗੀਆਂ।

ਨਗਰ ਨਿਗਮਾਂ ਵਿੱਚ ਮੇਅਰ ਅਤੇ ਨਗਰ ਕੌਂਸਲ ਤੇ ਨਗਰ ਪਾਲਿਕਾਵਾਂ ਵਿੱਚ ਚੇਅਰਮੈਨ/ਪ੍ਰਧਾਨ ਦੇ ਅਹੁਦੇ ਲਈ ਸਿੱਧੀਆਂ ਚੋਣਾਂ ਹੋਣਗੀਆਂ। ਅੰਬਾਲਾ ਸ਼ਹਿਰ, ਸੋਨੀਪਤ ਅਤੇ ਪੰਚਕੂਲਾ ਨਗਰ ਨਿਗਮ ਤੋਂ ਇਲਾਵਾ ਰੇਵਾੜੀ ਨਗਰ ਕੌਂਸਲ ਅਤੇ ਧਾਰੂਹੇੜਾ, ਸਾਂਪਲਾ ਤੇ ਉਕਲਾਨਾ ਨਗਰ ਪਾਲਿਕਾ ਵਿੱਚ ਚੋਣਾਂ ਹੋਣੀਆਂ ਹਨ। ਇਨ੍ਹਾਂ ਸਾਰੀਆਂ ਸੰਸਥਾਵਾਂ ਦਾ ਕਾਰਜਕਾਲ ਪਹਿਲਾਂ ਹੀ ਖ਼ਤਮ ਹੋ ਚੁੱਕਾ ਹੈ। ਇਸੇ ਤਰ੍ਹਾਂ ਟੋਹਾਨਾ ਨਗਰ ਕੌਂਸਲ ਵਿੱਚ ਵਾਰਡ ਨੰਬਰ-17, ਝੱਜਰ ਨਗਰ ਕੌਂਸਲ ਵਿੱਚ ਵਾਰਡ-13, ਰਾਜੌਂਦ ਨਗਰ ਪਾਲਿਕਾ ਵਿੱਚ ਵਾਰਡ-11, ਤਰਾਵੜੀ ਵਿੱਚ ਵਾਰਡ-8, ਕੈਥਲ ਵਿੱਚ ਵਾਰਡ-11 ਅਤੇ ਕਨੀਨਾ ਵਿੱਚ ਵਾਰਡ-14 ਵਿੱਚ ਕੌਂਸਲਰ ਦੇ ਅਹੁਦੇ ਲਈ ਜ਼ਿਮਨੀ ਚੋਣ ਹੋਵੇਗੀ।

Advertisement

ਰਾਜ ਚੋਣ ਕਮਿਸ਼ਨਰ ਦੇਵੇਂਦਰ ਸਿੰਘ ਕਲਿਆਣ ਨੇ ਸੋਮਵਾਰ ਨੂੰ ਕਮਿਸ਼ਨ ਦੇ ਮੁੱਖ ਦਫ਼ਤਰ ਵਿੱਚ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ। ਬੁੱਧਵਾਰ ਨੂੰ ਇਨ੍ਹਾਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਵੇਗਾ। 21 ਤੋਂ 25 ਅਪਰੈਲ ਤੱਕ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ ਜਾਣਗੇ। 27 ਅਪਰੈਲ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ। 28 ਅਪਰੈਲ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਇਸੇ ਦਿਨ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। 10 ਮਈ ਨੂੰ ਵੋਟਿੰਗ ਹੋਵੇਗੀ।

Advertisement

12 ਮਈ ਤੱਕ ਯਾਨੀ ਦੋ ਦਿਨਾਂ ਦਾ ਫਰਕ ਰੱਖਿਆ ਗਿਆ ਹੈ ਤਾਂ ਜੋ ਜੇਕਰ ਕਿਸੇ ਥਾਂ 'ਤੇ ਦੁਬਾਰਾ ਵੋਟਾਂ ਪਵਾਉਣ ਦੀ ਲੋੜ ਪਵੇ ਤਾਂ ਕਰਵਾਈ ਜਾ ਸਕੇ। ਜੇਕਰ ਦੁਬਾਰਾ ਵੋਟਿੰਗ ਹੁੰਦੀ ਹੈ, ਤਾਂ 12 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਸਾਰੀਆਂ ਸਥਾਨਕ ਚੋਣਾਂ ਅਤੇ ਪੰਚਾਇਤਾਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ 13 ਮਈ ਨੂੰ ਇਕੱਠੇ ਹੀ ਐਲਾਨੇ ਜਾਣਗੇ। ਚੋਣਾਂ ਦੇ ਐਲਾਨ ਦੇ ਨਾਲ ਹੀ ਸਬੰਧਤ ਸ਼ਹਿਰਾਂ, ਵਾਰਡਾਂ ਅਤੇ ਪੰਚਾਇਤਾਂ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਹਾਲਾਂਕਿ, ਇਸ ਚੋਣ ਜ਼ਾਬਤੇ ਦਾ ਅਸਰ ਪੂਰੇ ਸੂਬੇ 'ਤੇ ਨਹੀਂ ਪਵੇਗਾ।

ਤਬਾਦਲਿਆਂ 'ਤੇ ਪੂਰੀ ਤਰ੍ਹਾਂ ਰੋਕ

ਚੋਣ ਕਮਿਸ਼ਨ ਨੇ ਚੋਣਾਂ ਦੇ ਐਲਾਨ ਦੇ ਨਾਲ ਹੀ ਉਨ੍ਹਾਂ ਸਾਰੇ ਇਲਾਕਿਆਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲਿਆਂ 'ਤੇ ਰੋਕ ਲਗਾ ਦਿੱਤੀ ਹੈ, ਜਿੱਥੇ ਚੋਣਾਂ ਹੋਣੀਆਂ ਹਨ ਅਤੇ ਜਿੱਥੇ ਚੋਣ ਜ਼ਾਬਤਾ ਲਾਗੂ ਹੈ। ਕਮਿਸ਼ਨ ਵੱਲੋਂ ਇਸ ਸਬੰਧੀ ਸਰਕਾਰ ਨੂੰ ਪੱਤਰ ਲਿਖ ਕੇ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਚੋਣ ਡਿਊਟੀ ਨਾਲ ਜੁੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ ਨਹੀਂ ਕੀਤੇ ਜਾਣਗੇ। ਬਹੁਤ ਜ਼ਰੂਰੀ ਹੋਣ 'ਤੇ ਚੋਣ ਕਮਿਸ਼ਨ ਦੀ ਇਜਾਜ਼ਤ ਤੋਂ ਬਾਅਦ ਹੀ ਤਬਾਦਲੇ ਕੀਤੇ ਜਾ ਸਕਣਗੇ।

ਚੋਣ ਖਰਚੇ ਦੀ ਸੀਮਾ ਵੀ ਤੈਅ

ਕਮਿਸ਼ਨ ਨੇ ਚੋਣਾਂ ਵਿੱਚ ਉਮੀਦਵਾਰਾਂ ਲਈ ਖਰਚੇ ਦੀ ਸੀਮਾ ਵੀ ਤੈਅ ਕਰ ਦਿੱਤੀ ਹੈ। ਨਿਗਮਾਂ ਵਿੱਚ ਮੇਅਰ ਦੇ ਅਹੁਦੇ ਦੇ ਉਮੀਦਵਾਰ 30 ਲੱਖ ਰੁਪਏ ਅਤੇ ਨਿਗਮ ਕੌਂਸਲਰ ਦੇ ਉਮੀਦਵਾਰ 7.5 ਲੱਖ ਰੁਪਏ ਚੋਣਾਂ 'ਤੇ ਖਰਚ ਕਰ ਸਕਣਗੇ। ਨਗਰ ਕੌਂਸਲ ਵਿੱਚ ਚੇਅਰਮੈਨ ਦੇ ਉਮੀਦਵਾਰ 20 ਲੱਖ ਅਤੇ ਕੌਂਸਲਰ ਸਾਢੇ ਚਾਰ ਲੱਖ ਰੁਪਏ ਖਰਚ ਕਰ ਸਕਣਗੇ। ਨਗਰ ਪਾਲਿਕਾ ਵਿੱਚ ਪ੍ਰਧਾਨ ਦੇ ਅਹੁਦੇ ਲਈ 12.5 ਲੱਖ ਅਤੇ ਕੌਂਸਲਰ ਲਈ 3 ਲੱਖ ਰੁਪਏ ਖਰਚ ਦੀ ਸੀਮਾ ਤੈਅ ਕੀਤੀ ਗਈ ਹੈ। ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਨੂੰ ਚੋਣ ਖਰਚੇ ਦਾ ਹਿਸਾਬ-ਕਿਤਾਬ ਰੱਖਣਾ ਹੋਵੇਗਾ ਅਤੇ ਚੋਣ ਨਤੀਜੇ ਆਉਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਡਿਪਟੀ ਕਮਿਸ਼ਨਰ ਜਾਂ ਰਾਜ ਚੋਣ ਕਮਿਸ਼ਨ ਵੱਲੋਂ ਅਧਿਕਾਰਤ ਅਧਿਕਾਰੀ ਕੋਲ ਜਮ੍ਹਾਂ ਕਰਵਾਉਣਾ ਹੋਵੇਗਾ। ਸਮੇਂ ਸਿਰ ਖਰਚੇ ਦਾ ਵੇਰਵਾ ਨਾ ਦੇਣ 'ਤੇ ਉਮੀਦਵਾਰ ਨੂੰ ਪੰਜ ਸਾਲਾਂ ਲਈ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ।

1500 ਤੋਂ 10 ਹਜ਼ਾਰ ਤੱਕ ਜ਼ਮਾਨਤ ਰਾਸ਼ੀ

ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਫਾਰਮ ਦੇ ਨਾਲ ਜ਼ਮਾਨਤ ਰਾਸ਼ੀ ਜਮ੍ਹਾਂ ਕਰਵਾਉਣੀ ਪਵੇਗੀ। ਨਿਰਧਾਰਤ ਤੋਂ ਘੱਟ ਵੋਟਾਂ ਮਿਲਣ 'ਤੇ ਜ਼ਮਾਨਤ ਰਾਸ਼ੀ ਜ਼ਬਤ ਹੋ ਜਾਵੇਗੀ। ਨਿਗਮ ਵਿੱਚ ਮੇਅਰ ਦੇ ਅਹੁਦੇ ਲਈ ਜਨਰਲ ਵਰਗ ਦੇ ਪੁਰਸ਼ ਲਈ 10 ਹਜ਼ਾਰ ਰੁਪਏ ਅਤੇ ਔਰਤਾਂ, ਅਨੁਸੂਚਿਤ ਜਾਤੀ ਤੇ ਪਛੜੀ ਸ਼੍ਰੇਣੀ ‘ਏ’ ਅਤੇ ‘ਬੀ’ ਦੇ ਉਮੀਦਵਾਰਾਂ ਲਈ 5 ਹਜ਼ਾਰ ਰੁਪਏ ਜ਼ਮਾਨਤ ਰਾਸ਼ੀ ਤੈਅ ਕੀਤੀ ਗਈ ਹੈ। ਉੱਥੇ ਹੀ ਕੌਂਸਲਰ ਵਾਸਤੇ ਜਨਰਲ ਪੁਰਸ਼ ਲਈ 3 ਹਜ਼ਾਰ ਅਤੇ ਰਾਖਵੇਂ ਵਰਗ ਤੇ ਔਰਤਾਂ ਲਈ 1500 ਰੁਪਏ ਜ਼ਮਾਨਤ ਰਾਸ਼ੀ ਹੋਵੇਗੀ। ਨਗਰ ਕੌਂਸਲ ਅਤੇ ਨਗਰ ਪਾਲਿਕਾ ਵਿੱਚ ਵੀ ਇਸੇ ਅਨੁਪਾਤ ਵਿੱਚ ਘੱਟ ਰਾਸ਼ੀ ਤੈਅ ਕੀਤੀ ਗਈ ਹੈ।

6000 ਤੋਂ ਵੱਧ ਕਰਮਚਾਰੀ ਦੇਣਗੇ ਡਿਊਟੀ

ਇਨ੍ਹਾਂ ਚੋਣਾਂ ਵਿੱਚ ਲਗਪਗ ਛੇ ਹਜ਼ਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਚੋਣ ਡਿਊਟੀ ਲੱਗੇਗੀ। ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਵੋਟਿੰਗ ਕੇਂਦਰਾਂ 'ਤੇ ਵਾਧੂ ਪੁਲੀਸ ਫੋਰਸ ਤਾਇਨਾਤ ਕੀਤੀ ਜਾਵੇਗੀ। ਕੁੱਲ 2000 ਦੇ ਕਰੀਬ ਈਵੀਐਮ (EVM) ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ।

ਪੰਚਾਇਤਾਂ ਵਿੱਚ 528 ਅਹੁਦਿਆਂ 'ਤੇ ਜ਼ਿਮਨੀ ਚੋਣ

ਸੂਬੇ ਵਿੱਚ ਸਰਪੰਚਾਂ ਦੇ 29 ਅਹੁਦਿਆਂ ਅਤੇ ਪੰਚਾਂ ਦੇ 485 ਅਹੁਦਿਆਂ 'ਤੇ ਵੋਟਾਂ ਪੈਣਗੀਆਂ। ਕਰਨਾਲ ਅਤੇ ਪਾਣੀਪਤ ਵਿੱਚ ਜ਼ਿਲ੍ਹਾ ਪਰਿਸ਼ਦ ਦੇ ਇੱਕ-ਇੱਕ ਅਹੁਦੇ 'ਤੇ ਜ਼ਿਮਨੀ ਚੋਣ ਹੋਵੇਗੀ।

Advertisement
×