Haryana Kala Parishad: ‘ਕਹਾਂ ਗਏ ਵੋ ਰਿਸ਼ਤੇ’ ਨਾਟਕ ਨੇ ਸ਼ੀਸ਼ਾ ਦਿਖਾਇਆ
ਕਲਾਕਾਰਾਂ ਨੇ ਬਜ਼ੁਰਗ ਮਾਪਿਅਾਂ ਦੇ ਦਰਦ ਅਤੇ ਟੁੱਟ ਰਹੇ ਪਰਿਵਾਰਕ ਰਿਸ਼ਤਿਆਂ ਦੀ ਹਕੀਕਤ ਪੇਸ਼ ਕੀਤੀ
ਹਰਿਆਣਾ ਕਲਾ ਪਰਿਸ਼ਦ ਵੱਲੋਂ ਹਰ ਹਫਤਾਵਾਰੀ ਸ਼ਾਮ ਦੀ ਲੜੀ ਦੌਰਾਨ ਕਲਾ ਕੀਰਤੀ ਭਵਨ ਦੇ ਮੰਚ ’ਤੇ ਬਹੁਤ ਹੀ ਭਾਵੁਕ ਤੇ ਸੰਦੇਸ਼ ਆਧਾਰਿਤ ਨਾਟਕ ‘ਕਹਾਂ ਗਏ ਵੋ ਰਿਸ਼ਤੇ’ ਦਾ ਸਫਲਤਾ ਪੂਰਵਕ ਮੰਚਨ ਕੀਤਾ ਗਿਆ। ਕਲਾ ਸ੍ਰਿਸ਼ਟੀ ਮੰਚ ਕੁਰੂਕਸ਼ੇਤਰ ਦੇ ਕਲਾਕਾਰਾਂ ਵਲੋਂ ਇਹ ਨਾਟਕ ਪੇਸ਼ ਕੀਤਾ ਗਿਆ। ਇਸ ਨਾਟਕ ਦਾ ਨਿਰਦੇਸ਼ਨ ਬ੍ਰਿਜ ਕਿਸ਼ੋਰ ਸ਼ਰਮਾ ਵਲੋਂ ਕੀਤਾ ਗਿਆ। ਨਾਟਕ ਨੇ ਡੂੰਘੀ ਸੰਵੇਦਨਸ਼ੀਲਤਾ ਨਾਲ ਆਧੁਨਿਕ ਸਮਾਜ ਵਿੱਚ ਅਲੋਪ ਹੋ ਰਹੀਆਂ ਸੰਵੇਦਨਾਵਾਂ ਅਤੇ ਟੁੱਟ ਰਹੇ ਪਰਿਵਾਰਕ ਰਿਸ਼ਤਿਆਂ ਦੀ ਕੌੜੀ ਹਕੀਕਤ ਨੂੰ ਪੇਸ਼ ਕੀਤਾ ,ਜਿਸ ਨਾਲ ਹਰ ਦਰਸ਼ਕ ਦੀਆਂ ਅੱਖਾਂ ਵਿਚ ਹੰਝੂ ਆ ਗਏ।
ਸ੍ਰੀ ਕ੍ਰਿਸ਼ਨ ਆਯੂਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਤਾਰ ਸਿੰਘ ਧੀਮਾਨ ਨੇ ਇਸ ਸਭਿਆਚਾਰਕ ਸ਼ਾਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਕੁਰੂਕਸ਼ੇਤਰ ਦੇ ਵਧੀਕ ਡਿਪਟੀ ਕਮਿਸ਼ਨਰ ਡਾ. ਰਾਮੇਂਦਰ ਸਿੰਘ, ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਡਾ ਜੈ ਭਗਵਾਨ ਸਿੰਗਲਾ ਨੇ ਬਤੌਰ ਵਿਸ਼ੇਸ਼ ਮਹਿਮਾਨਾਂ ਵਜੋਂ ਪ੍ਰੋਗਰਾਮ ਦੀ ਸ਼ੋਭਾ ਵਧਾਈ। ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹਰਿਆਣਾ ਕਲਾ ਪਰਿਸ਼ਦ ਦੇ ਉਪ ਪ੍ਰਧਾਨ ਮਹੇਸ਼ ਜੋਸ਼ੀ ਨੇ ਸਾਰੇ ਮਹਿਮਾਨਾਂ ਨੂੰ ਸ਼ਾਲ ਤੇ ਇਕ ਇਕ ਪੌਦਾ ਭੇਟ ਕੀਤਾ ਅਤੇ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਦਿੱਤਾ। ਨਾਟਕ ਦੀ ਕਹਾਣੀ ਬਜ਼ੁਰਗ ਜੋੜੇ ਦੇ ਆਲੇ ਦੁਆਲੇ ਘੁੰਮਦੀ ਹੈ, ਜਿਸ ਦੇ ਦੋ ਪੁੱਤਰ ਤੇ ਇਕ ਧੀ ਹੈ ਦੋਵੇਂ ਵਿਆਹੇ ਹੋਏ ਹਨ ਤੇ ਆਪਣੇ ਮਾਪਿਆਂ ਤੋਂ ਵੱਖ ਰਹਿੰਦੇ ਹਨ। ਕਹਾਣੀ ਉਦੋਂ ਮੋੜ ਲੈਂਦੀ ਹੈ ਜਦ ਅਚਾਨਕ ਉਨਾਂ ਦੀ ਮਾਂ ਦੀ ਸਿਹਤ ਵਿਗੜ ਜਾਂਦੀ ਹੈ ਤੇ ਸਾਰੇ ਬੱਚਿਆਂ ਨੂੰ ਘਰ ਬੁਲਾਇਆ ਜਾਂਦਾ ਹੈ। ਆਪਣੀ ਵਿਅਸਤ ਜੀਵਨ ਸ਼ੈਲੀ ਤੇ ਸੁਆਰਥ ਦੇ ਕਾਰਨ ਕੋਈ ਵੀ ਬੱਚਾ ਉਸ ਦੀ ਦੇਖ ਭਾਲ ਕਰਨ ਲਈ ਤਿਆਰ ਨਹੀਂ ਹੁੰਦਾ। ਜਿਵੇਂ ਜਿਵੇਂ ਸਥਿਤੀ ਵਿਗੜਦੀ ਹੈ ਮਾਂ ਨੂੰ ਹਸਪਤਾਲ ਦਾਖਲ ਕਰਾਇਆ ਜਾਂਦਾ ਹੈ ਜਿਥੇ ਉਸ ਦੀ ਮੌਤ ਹੋ ਜਾਂਦੀ ਹੈ। ਮਾਂ ਦੀ ਮੌਤ ਤੋਂ ਬਾਅਦ ਵੀ ਬੱਚਿਆਂ ਦੀ ਅਸੰਵੇਦਨਸ਼ੀਲਤਾ ਬਣੀ ਰਹਿੰਦੀ ਹੈ ਤੇ ਉਹ ਚੌਥੇ ਦਿਨ ਹੀ ਜਲਦੀ ਨਾਲ ਸਾਰੀਆਂ ਰਸਮਾਂ ਪੂਰੀਆਂ ਕਰਨ ’ਤੇ ਜ਼ੋਰ ਦਿੰਦੇ ਹਨ। ਦੋਵੇਂ ਪੁੱਤਰ ਤੇ ਨੂੰਹਾਂ ਅੰਤਿਮ ਸੰਸਕਾਰ ਦੇ ਖਰਚਿਆਂ ਨੂੰ ਲੈ ਕੇ ਝਗੜਾ ਕਰਨ ਲੱਗ ਪੈਂਦੇ ਹਨ। ਨਾਟਕ ਦੇ ਡੂੰਘੇ ਭਾਵਨਾਤਮਕ ਅੰਤ ਵਿੱਚ ਬੇਸਹਾਰਾ ਜਾਪਦਾ ਪਿਤਾ ਹਾਰ ਮੰਨਦਾ ਹੈ ਤੇ ਬੱਚਿਆਂ ਨੂੰ ਸਮਝਾਉਂਦਾ ਹੈ ਕਿ ਉਹ ਹਾਲੇ ਇੰਨਾ ਵੀ ਬੇਸਹਾਰਾ ਨਹੀਂ ਹੈ, ਉਨ੍ਹਾਂ ਨੂੰ ਭਰੋਸਾ ਦਿੰਦਾ ਹੈ ਕਿ ਜੇ ਇੱਕਲਾ ਪਿਤਾ ਆਪਣੇ ਸਾਰੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਦਾ ਹੈ ਤਾਂ ਉਹ ਆਪਣੇ ਬੁਢਾਪੇ ਵਿੱਚ ਵੀ ਆਪਣਾ ਪਾਲਣ ਪੋਸ਼ਣ ਕਰ ਸਕਦਾ ਹੈ। ਪਿਤਾ ਆਪਣੇ ਬੱਚਿਆਂ ਨੂੰ ਸਬਕ ਸਿਖਾਉਂਦੇ ਹੋਏ ਆਪਣੀ ਸਾਰੀ ਜਾਇਦਾਦ ਇਕ ਬਿਰਧ ਆਸ਼ਰਮ ਨੂੰ ਸੌਂਪ ਦਿੰਦਾ ਹੈ। ਨਾਟਕ ਦੇ ਅੰਤ ਵਿਚ ਨਿਰਦੇਸ਼ਕ ਬ੍ਰਿਜ ਕਿਸ਼ੋਰ ਨੇ ਮੁੱਖ ਮਹਿਮਾਨ ਕਰਤਾਰ ਸਿੰਘ ਧੀਮਾਨ ਤੇ ਵਾਈ ਪ੍ਰਧਾਨ ਮਹੇਸ਼ ਜੋਸ਼ੀ ਤੇ ਹੋਰ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਈ ਥੀਏਟਰ ਕਲਾਕਾਰ ਤੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਲੋਕ ਮੌਜੂਦ ਸਨ।

