ਥਾਨੇਸਰ ’ਚ ਬਣੇਗਾ ਹਰਿਆਣਾ ਗੁਰਦੁਆਰਾ ਕਮੇਟੀ ਦਾ ਮੁੱਖ ਦਫ਼ਤਰ: ਝੀਂਡਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 23 ਜੂਨ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮੁੱਖ ਦਫਤਰ ਹੁਣ ਇਤਿਹਾਸਕ ਗੁਰਦੁਆਰਾ ਪਹਿਲੀ ਪਾਤਸ਼ਾਹੀ ਥਨੇਸਰ ਵਿੱਚ ਖਾਲੀ ਪਈ ਜ਼ਮੀਨ ’ਤੇ ਬਣਾਇਆ ਜਾਵੇਗਾ। ਮੁੱਖ ਦਫਤਰ ਬਣਾਉਣ ਦੀ ਸੇਵਾ ਕਾਰ ਸੇਵਾ ਵਾਲੇ ਬਾਬਿਆਂ ਤੋਂ ਕਰਵਾਈ ਜਾਏਗੀ। ਇਹ ਜਾਣਕਾਰੀ ਕਮੇਟੀ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਕਾਰਜਕਾਰਨੀ ਦੀ ਬੈਠਕ ਵਿੱਚ 63 ਮਤੇ ਪੇਸ਼ ਕੀਤੇ ਗਏ। ਇਨ੍ਹਾਂ ਵਿੱਚ ਕੁਝ ਮਤਿਆਂ ਨੂੰ ਸੋਚ ਵਿਚਾਰ ਕਰਨ ਤੋਂ ਬਾਅਦ ਪਾਸ ਕੀਤਾ ਗਿਆ ਕੇ ਕੁਝ ’ਤੇ ਕਾਰਵਾਈ ਲਈ ਸਬ ਕਮੇਟੀਆਂ ਦਾ ਗਠਨ ਕੀਤਾ ਗਿਆ। ਜਥੇਦਾਰ ਝੀਂਡਾ ਨੇ ਕਿਹਾ ਕਿ ਇਤਿਹਾਸਕ ਗੁਰਦੁਆਰਾ ਪਹਿਲੀ ਪਾਤਸ਼ਾਹੀ ਦੇ ਨੇੜੇ ਕਮੇਟੀ ਵੱਲੋਂ ਫਲਦਾਰ ਬਾਗ ਲਾਇਆ ਜਾਵੇਗਾ। ਇਸ ਤੋਂ ਇਲਾਵਾ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਨੇੜੇ ਸਥਿਤ ਪੁਰਾਤਨ ਖੂਹ ਨੂੰ ਆਪਣੇ ਅਧੀਨ ਲੈਣ ਲਈ ਸਬ ਕਮੇਟੀ ਬਣਾਈ ਗਈ। ਗੁਰਦੁਆਰਾ ਨੌਵੀਂ ਪਾਤਸ਼ਾਹੀ ਕੁਰੂਕਸ਼ੇਤਰ ਦੀ ਮਲਕੀਤੀ ਜ਼ਮੀਨ ਨੂੰ ਵਪਾਰਕ ਬਣਾਉਣ ਲਈ ਵੀ ਸਬੰੰਧਤ ਕਮੇਟੀ ਵਿਚਾਰ ਕਰੇਗੀ। ਗੁਰਦੁਆਰਾ ਨਾਢਾ ਸਾਹਿਬ ਵਿਚ ਕੜਾਹ ਪ੍ਰਸ਼ਾਦਿ ਵਾਲੇ ਕਾਊਟਰ ਵਾਲੀ ਥਾਂ ’ਤੇ ਚਿਮਨੀ ਲਾਉਣ ਦਾ ਮਤਾ ਪਾਸ ਕੀਤਾ ਗਿਆ ਹੈ। ਗੁਰਦੁਆਰਾ ਮੰਜੀ ਸਾਹਿਬ ਕੈਥਲ ਵਿਚ ਪੁਰਾਣੇ ਲੰਗਰ ਹਾਲ ਦੀ ਥਾਂ ’ਤੇ ਪਾਰਕਿੰਗ, ਬੇਸਮੈਂਟ ਦੀ ਸੇਵਾ ਬਾਬਾ ਮਹਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਜੋ ਜਾਰੀ ਰਹੇਗੀ।