DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜਾਬੀ ਦੇ ਵਿਕਾਸ ਲਈ ਕੰਮ ਕਰੇ ਹਰਿਆਣਾ ਸਰਕਾਰ: ਗਾਸੋ

ਅਦਬੀ ਮਹਿਫ਼ਲ ਵੱਲੋਂ ਕਾਵਿ ਗੋਸ਼ਟੀ; ਕਵੀਆਂ ਨੇ ਰਚਨਾਵਾਂ ਨਾਲ ਰੰਗ ਬੰਨ੍ਹਿਆ

  • fb
  • twitter
  • whatsapp
  • whatsapp
featured-img featured-img
ਪ੍ਰਿੰਸੀਪਲ ਡਾ. ਚੂਹੜ ਸਿੰਘ ਦਾ ਸਵਾਗਤ ਕਰਦੇ ਹੋਏ ਕਹਾਣੀਕਾਰ ਦਰਸ਼ਨ ਸਿੰਘ ਅਤੇ ਹੋਰ।
Advertisement

ਅਦਬੀ ਮਹਿਫ਼ਲ ਵੱਲੋਂ ਡਾ. ਐੱਨ ਪੀ ਸਿੰਘ ਦੇ ਘਰ ਕਾਵਿ ਗੋਸ਼ਟੀ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਗੁਰੂ ਨਾਨਕ ਖਾਲਸਾ ਕਾਲਜ ਕਰਨਾਲ ਦੇ ਪ੍ਰਿੰਸੀਪਲ ਡਾ. ਚੂਹੜ ਸਿੰਘ ਨੇ ਕੀਤੀ। ਇਸ ਮੌਕੇ ਡਾ. ਚੂਹੜ ਸਿੰਘ ਨੇ ਕਿਹਾ ਕਿ ਅਦਬੀ ਮਹਿਫ਼ਲ ਆਪਣੀਆਂ ਸਾਹਿਤਕ ਗਤੀਵਿਧੀਆਂ ਕਰ ਕੇ ਪੂਰੇ ਹਰਿਆਣਾ ਵਿੱਚ ਸਭ ਤੋਂ ਵੱਧ ਸਰਗਰਮ ਸੰਸਥਾ ਹੈ ਅਤੇ ਇਸ ਸੰਸਥਾ ਦੇ ਅੱਠ ਲੇਖਕਾਂ ਨੂੰ ਹਰਿਆਣਾ ਰਾਜ ਪੁਰਸਕਾਰ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਕਵਿਤਾ ਮਨੁੱਖੀ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ। ਅਜਿਹੀਆਂ ਕਾਵਿ ਗੋਸ਼ਟੀਆਂ ਰਾਹੀਂ ਨਵੀਂ ਪੀੜ੍ਹੀ ਵਿੱਚ ਭਾਸ਼ਾ ਅਤੇ ਸੱਭਿਆਚਾਰ ਪ੍ਰਤੀ ਦਿਲਚਸਪੀ ਪੈਦਾ ਹੁੰਦੀ ਹੈ। ਇਸ ਤਰ੍ਹਾਂ ਦੇ ਮੰਚ ਪੰਜਾਬੀ ਸਾਹਿਤ ਦੀ ਸੇਵਾ ਕਰਨ ਵਾਲੇ ਕਵੀਆਂ ਨੂੰ ਪ੍ਰੇਰਨਾ ਦਿੰਦੇ ਹਨ। ਗੋਸ਼ਟੀ ਵਿੱਚ ਬਤੌਰ ਮੁੱਖ ਮਹਿਮਾਨ ਅੰਬਾਲਾ ਤੋਂ ਪੁੱਜੇ ਡਾ. ਸੁਦਰਸ਼ਨ ਗਾਸੋ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਸਕੂਲਾਂ-ਕਾਲਜਾਂ ਵਿੱਚ ਪੰਜਾਬੀ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ। ਉਨ੍ਹਾਂ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅਤੇ ਮੌਜੂਦਾ ਦੌਰ ਵਿੱਚ ਮਨੁੱਖੀ ਕਦਰਾਂ-ਕੀਮਤਾਂ ਵਿੱਚ ਤਬਦੀਲੀ ਆ ਰਹੀ ਹੈ। ਸੂਬੇ ਦੇ ਲੇਖਕ ਬਹੁਤ ਹੀ ਜ਼ਿੰਮੇਵਾਰੀ ਨਾਲ ਆਪਣੀ ਕਲਮ ਚਲਾ ਰਹੇ ਹਨ। ਉਨ੍ਹਾਂ ਨੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਅਕਾਦਮਿਕ ਸੰਸਥਾਵਾਂ ਅਤੇ ਸਾਹਿਤਕ ਸਭਾਵਾਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਗੋਸ਼ਟੀ ਵਿੱਚ ਆਏ ਨਾਮਵਰ ਵਿਦਵਾਨਾਂ, ਲੇਖਕਾਂ ਤੇ ਕਵੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰ ਕੇ ਹਰਿਆਣਾ ਦੇ ਪੰਜਾਬੀ ਸਾਹਿਤ ਦੇ ਮੌਜੂਦਾ ਦੌਰ, ਵੱਖ-ਵੱਖ ਵਿਧਾਵਾਂ, ਬਦਲਦੇ ਸਰੂਪ ਅਤੇ ਭਵਿੱਖ ਦੀਆਂ ਸੰਭਾਵਨਾਵਾਂ ’ਤੇ ਬਾਰੀਕੀ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮਗਰੋਂ ਗੁਰਚਰਨ ਸਿੰਘ ਜੋਗੀ ਨੇ ਆਪਣੀ ਕਵਿਤਾ ‘ਤੇਰੀ ਮੁਸਕਾਨ ਵਿਚਲੇ ਦਰਦ ਨੂੰ ਪਛਾਣਦਾ ਹਾਂ’ ਅਤੇ ਸ਼ਾਇਰ ਕੁਲਵੰਤ ਸਿੰਘ ਚਾਵਲਾ ‘ਰਫ਼ੀਕ’ ਨੇ ਕਵਿਤਾ ‘ਤੇਰਾ ਦੀਦਾਰ ਕੀ ਹੋ ਗਿਆ, ਮੈਂ ਸਾਂ ਕਤਰਾ, ਨਦੀ ਹੋ ਗਿਆ’ ਨਾਲ ਰੰਗ ਬੰਨ੍ਹਿਆ। ਕਵੀ ਨਿਸ਼ਾਨ ਸਿੰਘ ਰਾਠੌਰ, ਦਰਸ਼ਨ ਸਿੰਘ ਸ਼ਾਹਬਾਦੀ, ਡਾ. ਬਲਵਾਨ ਸਿੰਘ ਓਜਲਾ, ਡਾ. ਮੰਗਤ ਸਿੰਘ, ਗੁਰਿੰਦਰ ਸਿੰਘ ਹਾਂਡਾ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਅੰਤ ’ਚ ਪ੍ਰਬੰਧਕ ਡਾ. ਐੱਨ ਪੀ ਸਿੰਘ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Advertisement

Advertisement
Advertisement
×