Haryana Municipal Election Results 2026: ਨਗਰ ਨਿਗਮ ਚੋਣਾਂ ’ਚ ਭਾਜਪਾ ਦੀ ਹੂੰਝਾ ਫੇਰ ਜਿੱਤ
ਪੰਚਕੂਲਾ, ਅੰਬਾਲਾ ਤੇ ਸੋਨੀਪਤ ਵਿੱਚ ਭਾਜਪਾ ਦੇ ਮੇਅਰ ਬਣੇ
ਭਾਜਪਾ ਨੇ ਹਰਿਆਣਾ ਦੀਆਂ ਤਿੰਨ ਨਗਰ ਨਿਗਮਾਂ, ਇਕ ਨਗਰ ਕੌਂਸਲ ਤੇ ਤਿੰਨ ਨਗਰ ਪਰਿਸ਼ਦਾਂ ਦੀਆਂ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ। ਭਾਜਪਾ ਨਗਰ ਨਿਗਮ ਪੰਚਕੂਲਾ, ਅੰਬਾਲਾ ਤੇ ਸੋਨੀਪਤ ਵਿੱਚ ਆਪਣੇ ਮੇਅਰ ਬਣਾਉਣ ਵਿੱਚ ਸਫਲ ਰਹੀ ਹੈ। ਇਸੇ ਤਰ੍ਹਾਂ ਨਗਰ ਪਰਿਸ਼ਦ ਧਾਰੂਹੇੜਾ ਤੇ ਸਾਂਪਲਾ ਅਤੇ ਨਗਰ ਕੌਂਸਲ ਰਿਵਾੜੀ ਵਿੱਚ ਭਾਜਪਾ ਦੇ ਪ੍ਰਧਾਨ ਜੇਤੂ ਰਹੇ ਹਨ। ਨਗਰ ਪਰਿਸ਼ਦ ਉਕਲਾਨਾ ਵਿੱਚ ਕਾਂਗਰਸ ਦਾ ਹਮਾਇਤੀ ਉਮੀਦਵਾਰ ਪ੍ਰਧਾਨ ਦੀ ਚੋਣ ’ਚ ਜੇਤੂ ਰਿਹਾ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਗੜ੍ਹ ਮੰਨੇ ਜਾਂਦੇ ਨਗਰ ਪਰਿਸ਼ਦ ਸਾਂਪਲਾ ਵਿੱਚ ਵੀ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਨਗਰ ਨਿਗਮ ਪੰਚਕੂਲਾ ਵਿੱਚ ਮੇਅਰ ਦੀ ਚੋਣ ’ਚ ਭਾਜਪਾ ਉਮੀਦਵਾਰ ਸ਼ਿਆਮ ਲਾਲ ਬਾਂਸਲ (68,544) ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਸੁਧਾ ਭਾਰਦਵਾਜ ਨੂੰ 36,252 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਨੈਲੋ, ‘ਆਪ’ ਤੇ ਦੋ ਆਜ਼ਾਦ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਨੋਟਾ ਨੂੰ 1443 ਵੋਟਾਂ ਪਈਆਂ। ਪੰਚਕੂਲਾ ਨਗਰ ਨਿਗਮ ਵਿੱਚ ਕੁੱਲ 20 ਵਾਰਡਾਂ ਵਿੱਚੋਂ ਭਾਜਪਾ ਨੇ 17, ਕਾਂਗਰਸ ਨੇ 1 ਅਤੇ ਦੋ ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ। ਨਗਰ ਨਿਗਮ ਅੰਬਾਲਾ ਵਿੱਚ ਮੇਅਰ ਦੀ ਚੋਣ ਦੌਰਾਨ ਭਾਜਪਾ ਉਮੀਦਵਾਰ ਅਕਸ਼ਿਤਾ ਸੈਣੀ (52794 ਵੋਟਾਂ) ਨੇ ਕਾਂਗਰਸੀ ਉਮੀਦਵਾਰ ਕੁਲਵਿੰਦਰ ਕੌਰ ਸੈਣੀ ਨੂੰ 21358 ਵੋਟਾਂ ਦੇ ਫ਼ਰਕ ਨਾਲ ਹਰਾਇਆ। ਨੋਟਾ ਨੂੰ 1691 ਵੋਟਾਂ ਪਈਆਂ। ਅੰਬਾਲਾ ਦੇ 20 ਵਾਰਡਾਂ ਵਿੱਚੋਂ ਭਾਜਪਾ ਨੇ 16, ਕਾਂਗਰਸ ਨੇ ਤਿੰਨ ਅਤੇ ਇਕ ਵਾਰਡ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਿਹਾ। ਨਗਰ ਨਿਗਮ ਸੋਨੀਪਤ ਦੀ ਚੋਣ ਵਿੱਚ ਮੇਅਰ ਦੀ ਚੋਣ ਵਿੱਚ ਭਾਜਪਾ ਉਮੀਦਵਾਰ ਰਾਜੀਵ ਜੈਨ (78,035 ਵੋਟਾਂ) ਨੇ ਕਾਂਗਰਸੀ ਉਮੀਦਵਾਰ ਕਮਲ ਦੀਵਾਨ ਨੂੰ 23247 ਵੋਟਾਂ ਦੇ ਫ਼ਰਕ ਨਾਲ ਹਰਾਇਆ। ਨਗਰ ਕੌਂਸਲ ਧਾਰੂਹੇੜਾ ਵਿੱਚ ਪ੍ਰਧਾਨ ਦੀ ਚੋਣ ਦੌਰਾਨ ਭਾਜਪਾ ਉਮੀਦਵਾਰ ਸੱਤਿਆਨਾਰਾਇਣ ਨੇ 9392 ਵੋਟਾਂ ਹਾਸਲ ਕਰ ਕੇ ਜਿੱਤ ਹਾਸਲ ਕੀਤੀ ਹੈ। ਕਾਂਗਰਸੀ ਉਮੀਦਵਾਰ ਨੂੰ ਸਿਰਫ਼ 1817 ਵੋਟਾਂ ਪਈਆਂ। ਨਗਰ ਪਰਿਸ਼ਦ ਸਾਂਪਲਾ ਦੀ ਚੋਣ ਦੌਰਾਨ ਭਾਜਪਾ ਉਮੀਦਵਾਰ ਪ੍ਰਵੀਨ ਨੇ 4391 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਹੈ। ਨਗਰ ਪਰਿਸ਼ਦ ਉਕਲਾਨਾ ਵਿੱਚ ਪ੍ਰਧਾਨ ਦੀ ਚੋਣ ਦੌਰਾਨ ਕਾਂਗਰਸ ਹਮਾਇਤੀ ਆਜ਼ਾਦ ਉਮੀਦਵਾਰ ਰੀਮਾ ਸੋਨੀ ਨੇ 7078 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਭਾਜਪਾ ਉਮੀਦਵਾਰ ਨਿਕਿਤਾ ਗੋਇਲ ਨੂੰ 4272 ਵੋਟਾਂ ਪਈਆਂ। ਨਗਰ ਕੌਂਸਲ ਰਿਵਾੜੀ ਦੀ ਚੋਣ ਦੌਰਾਨ ਭਾਜਪਾ ਉਮੀਦਵਾਰ ਵਿਨੀਤਾ ਪਿੱਪਲ ਨੇ 44,521 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ।

