ਹਰਿਆਣਾ: ਗੁਰਦੁਆਰਾ ਕਮੇਟੀ ਦੀ ਚੋਣ ਲਈ ਦਾਦੂਵਾਲ ਤੇ ਝੀਂਡਾ ਧੜਾ ਆਹਮੋ-ਸਾਹਮਣੇ

13 ਅਗਸਤ ਨੂੰ ਹੋਵੇਗੀ ਚੋਣ; 41 ’ਚੋਂ 36 ਮੈਂਬਰ ਹੀ ਲੈ ਸਕਣਗੇ ਚੋਣ ਵਿੱਚ ਹਿੱਸਾ

ਹਰਿਆਣਾ: ਗੁਰਦੁਆਰਾ ਕਮੇਟੀ ਦੀ ਚੋਣ ਲਈ ਦਾਦੂਵਾਲ ਤੇ ਝੀਂਡਾ ਧੜਾ ਆਹਮੋ-ਸਾਹਮਣੇ

ਜਗਦੀਸ਼ ਸਿੰਘ ਝੀਂਡਾ ਬਲਜੀਤ ਸਿੰਘ ਦਾਦੂਵਾਲ

ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 1 ਅਗਸਤ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪ੍ਰਧਾਨ ਦੇ ਅਹੁਦੇ ਦੀ ਚੋਣ ਸਬੰਧੀ ਦੋ ਧੜਿਆਂ ਵਿੱਚ ਵੰਡੀ ਗਈ ਹੈ। ਪ੍ਰਧਾਨ ਦੀ ਚੋਣ 13 ਅਗਸਤ ਨੂੰ ਚੀਕਾ ਸਥਿਤ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਦੇ ਮੁੱਖ ਦਫ਼ਤਰ ਵਿੱਚ ਹੋਵੇਗੀ।

ਹਰਿਆਣਾ ਸਰਕਾਰ ਨੇ ਗੁਰਦੁਆਰਾ ਕਮੇਟੀ ਵਿੱਚ 41 ਜਣਿਆਂ ਨੂੰ ਨਾਮਜ਼ਦ ਕੀਤਾ ਹੈ ਪਰ 13 ਅਗਸਤ ਨੂੰ ਪ੍ਰਧਾਨ ਦੇ ਅਹੁਦੇ ਲਈ ਹੋਣ ਵਾਲੀ ਚੋਣ ਵਿੱਚ 36 ਮੈਂਬਰ ਹੀ ਹਿੱਸਾ ਲੈ ਸਕਣਗੇ। ਜਿਹੜੇ ਪੰਜ ਮੈਂਬਰ ਚੋਣ ਵਿੱਚ ਹਿੱਸਾ ਨਹੀਂ ਲੈ ਸਕਦੇ, ਉਨ੍ਹਾਂ ’ਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ। ਇਕ ਮੈਂਬਰ ਭੁਪਿੰਦਰ ਸਿੰਘ ਅਸੰਧ ਪਹਿਲਾਂ ਹੀ ਕਮੇਟੀ ਤੋਂ ਅਸਤੀਫ਼ਾ ਦੇ ਚੁੱਕੇ ਹਨ ਅਤੇ ਇਕ ਮੈਂਬਰ ਭੁਪਿੰਦਰ ਸਿੰਘ ਜੌਹਰ ਸਿਰਫ਼ ਇੱਕ ਹੀ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਕਰਕੇ ਉਨ੍ਹਾਂ ਨੂੰ ਵੋਟ ਦਾ ਅਧਿਕਾਰ ਨਹੀਂ ਹੈ। ਇਸ ਸਬੰਧੀ ਸੂਚੀ ਦਫ਼ਤਰ ਵੱਲੋਂ ਜਾਰੀ ਕਰ ਦਿੱਤੀ ਗਈ ਹੈ, ਜਿਸ ਅਨੁਸਾਰ 19 ਵੋਟਾਂ ਲੈਣ ਵਾਲਾ ਉਮੀਦਵਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਵੇਗਾ।

ਜਾਣਕਾਰੀ ਅਨੁਸਾਰ ਸਿਹਤ ਠੀਕ ਨਾ ਹੋਣ ਕਾਰਨ ਜਗਦੀਸ਼ ਸਿੰਘ ਝੀਂਡਾ ਨੇ 25 ਫਰਵਰੀ 2020 ਨੂੰ ਜਰਨਲ ਹਾਊਸ ਦੀ ਮੀਟਿੰਗ ਵਿੱਚ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। 13 ਜੁਲਾਈ ਨੂੰ ਜਰਨਲ ਹਾਊਸ ਦੀ ਮੀਟਿੰਗ ਵਿੱਚ ਜਗਦੀਸ਼ ਸਿੰਘ ਝੀਂਡਾ ਦਾ ਅਸਤੀਫਾ ਮਨਜ਼ੂਰ ਕਰਨ ਤੋਂ ਬਾਅਦ ਮਤਾ ਪਾਸ ਕਰਕੇ ਸਰਬਸੰਮਤੀ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ ਸੀ।

ਦੂਜੇ ਪਾਸੇ ਝੀਂਡਾ ਧੜੇ ਨੇ ਸਰਬਸੰਮਤੀ ਨਾਲ ਪ੍ਰਧਾਨ ਬਣਾਉਣ ਦੇ ਫ਼ੈਸਲੇ ਨੂੰ ਨਕਾਰਦਿਆਂ 30 ਜੁਲਾਈ ਨੂੰ ਕੈਥਲ ਦੇ ਇੱਕ ਹੋਟਲ ਵਿੱਚ ਮੀਟਿੰਗ ਕਰਕੇ ਚੋਣ ਜ਼ਰੀਏ ਹੀ ਪ੍ਰਧਾਨ ਚੁਣਨ ਲਈ ਕਿਹਾ ਸੀ। ਇਸ ਦੌਰਾਨ ਉਨ੍ਹਾਂ ਸਰਬਸੰਮਤੀ ਨਾਲ ਜਸਵੀਰ ਸਿੰਘ ਖ਼ਾਲਾਸਾ ਨੂੰ ਪ੍ਰਧਾਨਗੀ ਦਾ ਉਮੀਦਵਾਰ ਖੜ੍ਹਾ ਕੀਤਾ।

ਇਸ ਸਬੰਧੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਧੜੇ ਵੱਲੋਂ 2 ਅਗਸਤ ਨੂੰ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਵਿੱਚ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪ੍ਰਧਾਨਗੀ ਦੇ ਅਹੁਦੇ ਲਈ ਸੰਤ ਦਾਦੂਵਾਲ ਦਾ ਨਾਂ ਐਲਾਨਿਆ ਜਾਂਦਾ ਹੈ ਜਾਂ ਕਿਸੇ ਹੋਰ ਦਾ।

7 ਅਗਸਤ ਨੂੰ ਭਰੇ ਜਾਣਗੇ ਫਾਰਮ

ਚੀਕਾ ਸਥਿਤ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਵਿੱਚ ਅੱਜ ਕਮੇਟੀ ਦਫਤਰ ਦੇ ਸਕੱਤਰ ਮਾਸਟਰ ਦਰਸ਼ਨ ਸਿੰਘ ਬਰਾੜ ਨੇ ਦੱਸਿਆ ਕਿ 7 ਅਗਸਤ ਨੂੰ ਉਮਦੀਵਾਰਾਂ ਦੇ ਫਾਰਮ ਭਰੇ ਜਾਣਗੇ ਅਤੇ 9 ਅਗਸਤ ਨੂੰ ਨਾਂ ਵਾਪਸ ਲਏ ਜਾ ਸਕਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All