ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੱਲੋਂ 7 ਜਨਵਰੀ ਲਈ ਸੱਦਿਆ ਗਿਆ ਬਜਟ ਇਜਲਾਸ ਕੋਰਮ ਪੂਰਾ ਨਾ ਹੋਣ ਕਾਰਨ ਫੇਲ੍ਹ ਹੋ ਗਿਆ। ਇਜਲਾਸ ਵਿੱਚ ਸਿਰਫ਼ 28 ਮੈਂਬਰ ਹੀ ਪਹੁੰਚੇ, ਜਦਕਿ ਕੋਰਮ ਲਈ 33 ਮੈਂਬਰਾਂ ਦੀ ਹਾਜ਼ਰੀ ਲਾਜ਼ਮੀ ਸੀ।
ਇਸ ਦੌਰਾਨ ਹਰਿਆਣਾ ਕਮੇਟੀ ਦੇ ਸੀਨੀਅਰ ਮੈਂਬਰ ਦੀਦਾਰ ਸਿੰਘ ਨਲਵੀ ਅਤੇ ਹੋਰਨਾਂ ਅਹੁਦੇਦਾਰਾਂ ਨੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ (ਪੰਚਕੂਲਾ) ਵਿੱਚ ਹੰਗਾਮੀ ਮੀਟਿੰਗ ਕੀਤੀ। ਇਸ ਮੌਕੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਝੀਂਡਾ ਦੀਆਂ ਕਥਿਤ ਬੇਨਿਯਮੀਆਂ ਅਤੇ ਆਪਹੁਦਰੀਆਂ ਕਾਰਨ ਉਹ ਆਪਣਾ ਬਹੁਮਤ ਗੁਆ ਚੁੱਕੇ ਹਨ, ਜਿਸ ਕਾਰਨ ਪਹਿਲਾਂ ਵੀ ਉਨ੍ਹਾਂ ਦੀਆਂ ਤਿੰਨ ਕਾਰਜਕਾਰਨੀ ਮੀਟਿੰਗਾਂ ਅਤੇ ਤਿੰਨ ਜਨਰਲ ਇਜਲਾਸ ਫੇਲ੍ਹ ਹੋ ਚੁੱਕੇ ਹਨ। ਨਲਵੀ ਨੇ ਦੋਸ਼ ਲਾਇਆ ਕਿ ਝੀਂਡਾ ਨੇ ਬਜਟ ਇਜਲਾਸ ਨੂੰ ਪਾਸ ਕਰਦਿਆਂ ਇਹ ਕਿਹਾ ਕਿ ਬਾਕੀ ਮੈਂਬਰਾਂ ਦੇ ਘਰਾਂ ਵਿੱਚ ਜਾ ਕੇ ਦਸਤਖ਼ਤ ਕਰਵਾ ਲਏ ਜਾਣਗੇ, ਜਦਕਿ ਗੁਰਦੁਆਰਾ ਐਕਟ 2014 ਵਿੱਚ ਅਜਿਹੀ ਕੋਈ ਮੱਦ ਨਹੀਂ ਹੈ। ਉਨ੍ਹਾਂ ਝੀਂਡਾ ਤੋਂ ਨੈਤਿਕਤਾ ਦੇ ਆਧਾਰ ’ਤੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ, ਜੂਨੀਅਰ ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਗੁਰਪਾਲ ਸਿੰਘ ਗੋਰਾ, ਬੀਬੀ ਕਰਤਾਰ ਕੌਰ, ਮੇਅਰ ਭੁਪਿੰਦਰ ਸਿੰਘ ਪਾਣੀਪਤ ਅਤੇ ਹੋਰ ਕਈ ਮੈਂਬਰ ਹਾਜ਼ਰ ਸਨ।
ਬਜਟ ਮੀਟਿੰਗ ਵਿੱਚ ਕੋਰਮ ਪੂਰਾ ਸੀ: ਝੀਂਡਾ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਇਹ ਦੋਸ਼ਾਂ ਨਕਾਰਦਿਆਂ ਕਿਹਾ ਕਿ ਬਜਟ ਮੀਟਿੰਗ ਵਿੱਚ ਬਹੁਮਤ ਉਨ੍ਹਾਂ ਦੇ ਨਾਲ ਸੀ ਅਤੇ 34 ਮੈਂਬਰਾਂ ਨੇ ਬਜਟ ਦੇ ਹੱਕ ਵਿੱਚ ਦਸਤਖ਼ਤ ਕੀਤੇ ਹਨ। ਉਨ੍ਹਾਂ ਕਿਹਾ ਕਿ ਦੀਦਾਰ ਸਿੰਘ ਨਲਵੀ ਨੂੰ ਸਿਆਸਤ ਕਰਨ ਦੀ ਬਜਾਏ ਆਪਣੇ ਸਟੈਂਡ ’ਤੇ ਕਾਇਮ ਰਹਿਣਾ ਚਾਹੀਦਾ ਹੈ।

