Haryana ਦੇ CM Nayab Singh Saini ਵੱਲੋਂ 337 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ
ਲੋਕਾਂ ਨੂੰ ਮਿਲਣਗੀਆਂ 70 ਆਧੁਨਿਕ ਲਾਈਫ ਸਪੋਰਟ ਐਂਬੂਲੈਂਸਾਂ; ਨਾਰਾਇਣਗੜ੍ਹ ਹਸਪਤਾਲ ਦੀ ਸਮਰੱਥਾ 100 ਬੈੱਡ ਦੀ ਹੋਈ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ 325 ਅੰਮ੍ਰਿਤ ਸਰੋਵਰ ਅਤੇ 70 ਐਡਵਾਂਸਡ ਲਾਈਫ ਸਪੋਰਟ ਐਂਬੂਲੈਂਸਾਂ ਸੂਬਾ ਵਾਸੀਆਂ ਨੂੰ ਸਮਰਪਿਤ ਕੀਤੀਆਂ। ਮੁੱਖ ਮੰਤਰੀ ਨਾਰਾਇਣਗੜ੍ਹ ਦੇ ਸਰਕਾਰੀ ਹਸਪਤਾਲ ਦੀ ਇਮਾਰਤ ਦਾ ਉਦਘਾਟਨ ਕਰਨ ਪਹੁੰਚੇ ਸਨ, ਜਿਸ ਦੀ ਸਮਰੱਥਾ 50 ਤੋਂ ਵਧਾ ਕੇ 100 ਬੈੱਡ ਦੀ ਕੀਤੀ ਗਈ ਹੈ। ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕੁੱਲ 337 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ। ਇਨ੍ਹਾਂ ਵਿੱਚ 114 ਕਰੋੜ ਰੁਪਏ ਦੀ ਲਾਗਤ ਵਾਲੇ 7 ਮਹੱਤਵਪੂਰਨ ਸਿਹਤ ਪ੍ਰਾਜੈਕਟ ਸ਼ਾਮਲ ਹਨ।
ਸਮਾਗਮ ਵਿੱਚ ਸੂਬੇ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ, ਵਿਧਾਇਕ ਸ਼ੈਲੀ ਚੌਧਰੀ, ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਐੱਨ ਐੱਚ ਐੱਮ ਦੇ ਐੱਮ ਡੀ ਆਰ ਐਸ ਢਿੱਲੋਂ, ਪੰਚਾਇਤ ਵਿਭਾਗ ਦੇ ਡਾਇਰੈਕਟਰ ਅਨੀਸ਼ ਯਾਦਵ, ਭਾਜਪਾ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਰਾਣਾ ਅਤੇ ਸਾਬਕਾ ਵਿਧਾਇਕ ਡਾ. ਪਵਨ ਸੈਣੀ ਹਾਜ਼ਰ ਸਨ। ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮੰਤਰੀਆਂ ਅਤੇ ਵਿਧਾਇਕਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਮੂਲੀਅਤ ਕੀਤੀ।
ਇਲਾਕੇ ਦੇ ਪ੍ਰਾਜੈਕਟਾਂ ਦਾ ਵੇਰਵਾ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ 1,112 ਕਰੋੜ ਰੁਪਏ ਦੀ ਲਾਗਤ ਨਾਲ ਯਮੁਨਾਨਗਰ-ਪੰਚਕੂਲਾ ਰਾਸ਼ਟਰੀ ਰਾਜਮਾਰਗ ਨੰਬਰ 73 ਦਾ ਨਿਰਮਾਣ ਕੀਤਾ ਗਿਆ। ਬੜਾਗੜ੍ਹ ਵਿੱਚ ਸਰਕਾਰੀ ਮਹਿਲਾ ਕਾਲਜ, ਫਤਿਹਗੜ੍ਹ-ਰਾਏਵਾਲੀ ਸੜਕ ਤੇ ਪੁਲ, ਨਰਾਇਣਗੜ੍ਹ ਚਾਰ-ਮਾਰਗੀ ਸੜਕ ਅਤੇ ਆਧੁਨਿਕ ਖੇਡ ਸਟੇਡੀਅਮ ਵਰਗੇ ਕਈ ਕਾਰਜ ਪੂਰੇ ਕੀਤੇ ਗਏ ਹਨ। ਸ਼ਹਿਜ਼ਾਦਪੁਰ ਅਤੇ ਅੰਬਲੀ ਵਿੱਚ ਸੀ ਐਚ ਸੀ ਇਮਾਰਤਾਂ ਸਮੇਤ ਭੂਰੇਵਾਲਾ, ਧਨਾਨਾ ਅਤੇ ਚਾਂਸੋਲੀ ਵਿੱਚ ਪੀ ਐਚ ਸੀ ਇਮਾਰਤਾਂ ਦਾ ਵਿਸਥਾਰ ਕੀਤਾ ਗਿਆ ਹੈ।
ਮੁੱਖ ਮੰਤਰੀ ਅਨੁਸਾਰ ਅੱਜ 32 ਕਰੋੜ ਦੀ ਲਾਗਤ ਨਾਲ ਬਣੇ 50 ਬਿਸਤਰਿਆਂ ਵਾਲੇ ਨਵੇਂ ਹਸਪਤਾਲ ਬਲਾਕ ਦਾ ਉਦਘਾਟਨ ਹੋਣ ਨਾਲ ਸਿਵਲ ਹਸਪਤਾਲ ਦੀ ਸਮਰੱਥਾ 100 ਬਿਸਤਰਿਆਂ ਦੀ ਹੋ ਗਈ ਹੈ। ਇਸ ਦੇ ਨਾਲ ਹੀ 50 ਲੱਖ ਦੀ ਲਾਗਤ ਵਾਲੀ ਬਲਾਕ ਪਬਲਿਕ ਹੈਲਥ ਯੂਨਿਟ ਵੀ ਸ਼ੁਰੂ ਕੀਤੀ ਗਈ ਹੈ, ਜੋ ਸਥਾਨਕ ਪੱਧਰ ’ਤੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰੇਗੀ।
