Advertisement
ਸਿਰਸਾ-ਏਲਨਾਬਾਦ ਸੜਕ ਤੇ ਅੱਜ ਸਵੇਰੇ ਕਰੀਬ 9 ਵਜੇ ਪਿੰਡ ਮੱਲੇਕਾ ਨਜ਼ਦੀਕ ਇੱਕ ਟਰਾਲੇ ਅਤੇ ਟਰੈਕਟਰ ਟਰਾਲੀ ਵਿਚਕਾਰ ਹੋਈ ਟੱਕਰ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਕਿ 15 ਦੇ ਕਰੀਬ ਲੋਕ ਜ਼ਖਮੀ ਹੋ ਗਏੇ। ਮਿਲੀ ਜਾਣਕਾਰੀ ਅਨੁਸਾਰ ਟਰੈਕਟਰ-ਟਰਾਲੀ ਮਾਲਕ ਸੁਰਿੰਦਰ ਕੁਮਾਰ ਪਿੰਡ ਓਟੂ ਤੋਂ ਨਰਮੇ ਦੀ ਚੁਗਾਈ ਲਈ ਚੁਗਾਰਿਆਂ ਨੂੰ ਲੈ ਕੇ ਗੁੜੀਆ ਖੇੜਾ ਪਿੰਡ ਵੱਲ ਜਾ ਰਿਹਾ ਸੀ, ਜਦੋਂ ਪਿੰਡ ਮੱਲੇਕਾ ਨਜ਼ਦੀਕ ਟਰੱਕ ਨੇ ਟਰਾਲੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਟਰਾਲੀ ਵਿੱਚ ਕਰੀਬ 20 ਔਰਤਾਂ ਅਤੇ ਮਰਦ ਮਜ਼ਦੂਰ ਸਵਾਰ ਸਨ। ਹਾਦਸੇ ਦੌਰਾਨ ਟਰੈਕਟਰ-ਟਰਾਲੀ ਸੜਕ ਦੇ ਦੂਜੇ ਪਾਸੇ ਪਲਟ ਗਈ। ਜਿਸ ਕਾਰਨ ਦੋ ਮਜ਼ਦੂਰ ਔਰਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਟਰੱਕ ਨੇ ਪਿੱਛੋਂ ਆ ਰਹੇ ਇੱਕ ਮੋਟਰ ਸਾਈਕਲ ਸਵਾਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਸਦੀ ਵੀ ਮੌਕੇ ਤੇ ਹੀ ਮੌਤ ਹੋ ਗਈ।
ਹਾਦਸੇ ਵਿੱਚ ਕਰੀਬ 15 ਮਜ਼ਦੂਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨਾਗਿਰਕ ਹਸਪਤਾਲ ਸਿਰਸਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀਆਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ ਦੀ ਪਹਿਚਾਣ 60 ਸਾਲਾਂ ਬਲਵੀਰ ਕੌਰ ਵਾਸੀ ਓਟੂ, ਕਾਕੀ ਕੌਰ 26 ਸਾਲਾਂ ਵਾਸੀ ਓਟੂ ਅਤੇ ਲਵਪ੍ਰੀਤ ਵਜ਼ੋ ਹੋਈ ਹੈ। ਜਦਕਿ ਜ਼ਖਮੀਆਂ ਵਿੱਚ ਕੁਲਵੰਤ ਸਿੰਘ, ਰਜਨੀ, ਕੈਲਾਸ਼ੀ, ਮਨਪ੍ਰੀਤ ਕੌਰ, ਕਾਂਤਾ, ਪਰਮਜੀਤ ਕੌਰ, ਸੰਦੀਪ ਕੌਰ, ਸ਼ੀਲਾ ਦੇਵੀ ਸਹਿਤ ਕਰੀਬ 15 ਲੋਕ ਸ਼ਾਮਲ ਹਨ। ਇਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਤੇਜ਼ ਰਫ਼ਤਾਰ ਟਰੱਕ ਦਰੱਖਤ ਦੀ ਟਾਹਣੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਟਰਾਲੀ ਨਾਲ ਟਕਰਾ ਗਿਆ।
Advertisement
Advertisement
×

