Gurugram Bomb Threat: ਡੀਸੀ ਦਫ਼ਤਰ, ਅਦਾਲਤਾਂ ਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
‘ਖਾਲਿਸਤਾਨ ਨੈਸ਼ਨਲ ਆਰਮੀ’ ਵਲੋਂ ਸੰਸਦ ਭਵਨ ਸਮੇਤ ਕਈ ਸਥਾਨਾਂ ’ਤੇ ਧਮਾਕੇ ਕਰਨ ਦੀ ਚਿਤਾਵਨੀ; ਪੁਲੀਸ ਅਤੇ ਸਾਈਬਰ ਸੈੱਲ ਵਲੋਂ ਜਾਂਚ ਸ਼ੁਰੂ
ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ (ਡੀਸੀ) ਦਫ਼ਤਰ ਨੂੰ ਸ਼ੁੱਕਰਵਾਰ ਤੜਕੇ ਇੱਕ ਖ਼ੌਫ਼ਨਾਕ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਹੈ, ਜਿਸ ਵਿੱਚ ਜ਼ਿਲ੍ਹੇ ਦੇ ਕਈ ਪ੍ਰਮੁੱਖ ਸਥਾਨਾਂ ਅਤੇ ਕੌਮੀਂ ਰਾਜਧਾਨੀ ਦਿੱਲੀ ਵਿੱਚ ਬੰਬ ਧਮਾਕੇ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਇਹ ਧਮਕੀ ਕਥਿਤ ਤੌਰ ’ਤੇ ਆਪਣੇ ਆਪ ਨੂੰ ‘ਖਾਲਿਸਤਾਨ ਨੈਸ਼ਨਲ ਆਰਮੀ’ ਦੱਸਣ ਵਾਲੇ ਇੱਕ ਗਿਰੋਹ ਵਲੋਂ ਭੇਜੀ ਗਈ ਹੈ।
ਇਹ ਈਮੇਲ ਗੁਰੂਗ੍ਰਾਮ ਦੇ ਡੀਸੀ ਅਤੇ ਏਡੀਸੀ ਦਫ਼ਤਰਾਂ ਦੇ ਅਧਿਕਾਰਤ ਪਤੇ ’ਤੇ ਭੇਜੀ ਗਈ ਸੀ। ਈਮੇਲ ਵਿੱਚ ਡੀਸੀ ਦਫ਼ਤਰ, ਗੁਰੂਗ੍ਰਾਮ ਦੇ ਇੱਕ ਸਕੂਲ, ਹਰਿਆਣਾ ਦੀਆਂ ਅਦਾਲਤਾਂ ਅਤੇ ਦਿੱਲੀ ਸਥਿਤ ਸੰਸਦ ਭਵਨ ਨੂੰ ਨਿਸ਼ਾਨਾ ਬਣਾਉਣ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਹਰੇਕ ਜਗ੍ਹਾ ਲਈ ਧਮਾਕੇ ਦਾ ਇੱਕ ਵਿਸ਼ੇਸ਼ ਸਮਾਂ ਵੀ ਤੈਅ ਕੀਤਾ ਗਿਆ ਹੈ।
ਧਮਕੀ ਦੇਣ ਵਾਲੇ ਨੇ ਅਣਪਛਾਤੇ ਵਿਦਿਆਰਥੀਆਂ ਖ਼ਿਲਾਫ਼ ਦਰਜ ਐੱਫ.ਆਈ.ਆਰ. (FIRs) ਵਾਪਸ ਲੈਣ ਦੀ ਮੰਗ ਕੀਤੀ ਹੈ ਅਤੇ 5 ਅਗਸਤ ਤੱਕ ਲਗਾਤਾਰ ਧਮਾਕੇ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ ਸੁਤੰਤਰਤਾ ਦਿਵਸ ਦਾ ਹਵਾਲਾ ਦਿੰਦਿਆਂ ਸਕੂਲਾਂ ਨੂੰ 15 ਅਗਸਤ ਦਾ ਪ੍ਰੋਗਰਾਮ ਨਾ ਮਨਾਉਣ ਅਤੇ ਦੇਸ਼ ਭਗਤੀ ਦੇ ਗੀਤ ਨਾ ਗਾਉਣ ਦੀ ਹਦਾਇਤ ਕੀਤੀ ਗਈ ਹੈ। ਚਿੱਠੀ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਇਸ ਮੈਸੇਜ ਨੂੰ ਮੀਡੀਆ ਹਾਊਸਾਂ, ਸਕੂਲ ਪ੍ਰਿੰਸੀਪਲਾਂ, ਮੇਅਰਾਂ ਅਤੇ ਜੱਜਾਂ ਤੱਕ ਪਹੁੰਚਾਇਆ ਜਾਵੇ।
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਅਜਿਹੀਆਂ ਧਮਕੀਆਂ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਬੇਹੱਦ ਗੰਭੀਰਤਾ ਨਾਲ ਲਿਆ ਜਾਂਦਾ ਹੈ। ਈਮੇਲ ਦੀ ਸੱਚਾਈ ਅਤੇ ਭੇਜਣ ਵਾਲੇ ਦੀ ਪਛਾਣ ਕਰਨ ਲਈ ਇਸ ਨੂੰ ਤੁਰੰਤ ਪੁਲੀਸ ਅਤੇ ਸਾਈਬਰ ਕ੍ਰਾਈਮ ਯੂਨਿਟਾਂ ਕੋਲ ਜਾਂਚ ਲਈ ਭੇਜ ਦਿੱਤਾ ਗਿਆ ਹੈ। ਅਜਿਹੇ ਅਲਰਟ ਤੋਂ ਬਾਅਦ ਪੁਲੀਸ ਵਲੋਂ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ, ਅਦਾਲਤਾਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਕੂਲਾਂ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ।
ਗੁਰੂਗ੍ਰਾਮ ਪੁਲੀਸ ਦੇ ਬੁਲਾਰੇ ਨੇ ਕਿਹਾ, “ਅਸੀਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ।” ਫਿਲਹਾਲ ਪੁਲੀਸ ਇਹ ਪਤਾ ਲਗਾਉਣ ’ਚ ਜੁਟੀ ਹੈ ਕਿ ਇਹ ਈਮੇਲ ਕਿਸੇ ਬੈਨ ਹੋਈ ਜਥੇਬੰਦੀ ਵਲੋਂ ਆਈ ਹੈ ਜਾਂ ਇਹ ਕਿਸੇ ਦੀ ਸ਼ਰਾਰਤ (Hoax) ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਉੱਤਰੀ ਭਾਰਤ ਦੇ ਕਈ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਨੂੰ ਅਜਿਹੀਆਂ ਧਮਕੀ ਭਰੀਆਂ ਈਮੇਲਾਂ ਮਿਲਦੀਆਂ ਰਹੀਆਂ ਹਨ, ਜੋ ਜਾਂਚ ਤੋਂ ਬਾਅਦ ਜ਼ਿਆਦਾਤਰ ਫ਼ਰਜ਼ੀ ਜਾਂ ਅਣਪਛਾਤੇ ਖਾਤਿਆਂ ਤੋਂ ਭੇਜੀਆਂ ਸਾਬਤ ਹੋਈਆਂ ਹਨ।

