Gurdwara Panjokhra Sahib: ਹਰਿਆਣਾ ਗੁਰਦੁਆਰਾ ਕਮੇਟੀ ਦੇ ਵਫ਼ਦ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ
Gursimran Mand Controversy: ਮੰਡ ਖ਼ਿਲਾਫ਼ ਕਾਰਵਾਈ ਕਰਨ ਤੇ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ
Gursimran Mand Controversy: ਅੰਬਾਲਾ ਵਿੱਚ ਪੁਲੀਸ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਵਿਚਕਾਰ ਹੋਏ ਟਕਰਾਅ ਤੋਂ ਕੁਝ ਦਿਨ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੇ ਇੱਕ ਵਫ਼ਦ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਅਤੇ ਮਸਲੇ ਦੱਸੇ। ਇਹ ਮਾਮਲਾ ਗੁਰਦੁਆਰਾ ਪੰਜੋਖਰਾ ਸਾਹਿਬ ਵਿਚ ਗੁਰਸਿਮਰਨ ਮੰਡ ਵੱਲੋਂ ਕਾਰ ਦੀ ਫੇਟ ਮਾਰਨ ਤੇ ਗੁਰਸਿਮਰਨ ਦੀ ਕੁੱਟਮਾਰ ਨਾਲ ਸਬੰਧਤ ਹੈ।
ਜਾਣਕਾਰੀ ਅਨੁਸਾਰ ਹਰਿਆਣਾ ਕਮੇਟੀ ਦੀ ਕਾਰਜਕਾਰਨੀ ਦਾ ਪੰਜ ਮੈਂਬਰੀ ਵਫ਼ਦ ਚੰਡੀਗੜ੍ਹ ਵਿਚ ਮੁੱਖ ਮੰਤਰੀ ਨੂੰ ਮਿਲਿਆ। ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਮੀਟਿੰਗ ਬਹੁਤ ਸਕਾਰਾਤਮਕ ਮਾਹੌਲ ਵਿੱਚ ਹੋਈ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਅੰਬਾਲਾ ਵਿੱਚ ਵਾਪਰੀਆਂ ਘਟਨਾਵਾਂ 'ਤੇ ਆਪਣਾ ਰੋਸ ਪ੍ਰਗਟ ਕਰਦਿਆਂ ਮੰਡ ਖ਼ਿਲਾਫ਼ ਕਾਰਵਾਈ ਕਰਨ, ਸਿੱਖ ਭਾਈਚਾਰੇ ਦੇ ਮੈਂਬਰਾਂ ਵਿਰੁੱਧ ਦਰਜ ਐੱਫ.ਆਈ.ਆਰ. ਰੱਦ ਕਰਨ ਅਤੇ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਮਸਲੇ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ 25 ਅਗਸਤ ਨੂੰ ਇਕੱਠ ਦਾ ਸੱਦਾ ਦਿੱਤਾ ਗਿਆ ਹੈ ਪਰ ਕਮੇਟੀ ਪ੍ਰਸ਼ਾਸਨ ਅਤੇ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ ਤਾਂ ਜੋ ਮਾਮਲਾ ਸ਼ਾਂਤੀਪੂਰਵਕ ਢੰਗ ਨਾਲ ਹੱਲ ਹੋ ਸਕੇ।
ਮੈਨੂੰ ਮੀਟਿੰਗ ਬਾਰੇ ਕੋਈ ਸੁਨੇਹਾ ਨਹੀਂ ਮਿਲਿਆ, ਕਮੇਟੀ ਨੂੰ ਧੜਿਆਂ ਵਿਚ ਵੰਡਣ ਦੀ ਹੋ ਰਹੀ ਹੈ ਕੋਸ਼ਿਸ਼: ਝੀਂਡਾ
ਇਸ ਦੌਰਾਨ HSGMC ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਕਮੇਟੀ ਦੇ ਕੁਝ ਮੈਂਬਰਾਂ ਨੇ ਆਪਣੇ ਪੱਧਰ 'ਤੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਇਸ ਮੀਟਿੰਗ ਬਾਰੇ ਕੋਈ ਸੁਨੇਹਾ ਨਹੀਂ ਸੀ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਕੁਝ ਲੋਕ HSGMC ਨੂੰ ਦੋ ਧੜਿਆਂ ਵਿੱਚ ਵੰਡਣਾ ਚਾਹੁੰਦੇ ਹਨ। ਅਸੀਂ ਪਹਿਲਾਂ ਹੀ 25 ਅਗਸਤ ਨੂੰ ਇਕੱਠ ਕਰਨ ਦਾ ਸੱਦਾ ਦਿੱਤਾ ਹੋਇਆ ਹੈ ਅਤੇ ਜੇਕਰ ਮੰਗਾਂ ਨਾ ਮੰਗੀਆਂ ਗਈਆਂ ਤਾਂ ਅੱਗੇ ਦਾ ਫ਼ੈਸਲਾ ਸਿੱਖ ਸੰਗਤ ਵੱਲੋਂ ਲਿਆ ਜਾਵੇਗਾ।
ਅੰਬਾਲਾ ਵਿੱਚ ਸੇਵਾ-ਮੁਕਤ ਪੁਲੀਸ ਕਰਮਚਾਰੀਆਂ ਅਤੇ ਪਰਿਵਾਰਾਂ ਦਾ ਪ੍ਰਦਰਸ਼ਨ
ਉੱਧਰ ਅੰਬਾਲਾ ਵਿੱਚ, 13 ਅਗਸਤ ਨੂੰ ਜ਼ਖ਼ਮੀ ਹੋਏ ਪੁਲੀਸ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਸੇਵਾ-ਮੁਕਤ ਪੁਲੀਸ ਅਧਿਕਾਰੀਆਂ ਨੇ ਅੰਬਾਲਾ ਸਿਟੀ ਵਿਖੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਅਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਹਿੰਸਕ ਟਕਰਾਅ ਵਿੱਚ ਡੀ.ਐੱਸ.ਪੀ. ਕ੍ਰਾਈਮ ਵੀਰੇਂਦਰ ਸ਼ਰਮਾ ਸਮੇਤ ਕਰੀਬ ਨੌਂ ਪੁਲੀਸ ਕਰਮੀ ਅਤੇ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਸਨ। ਐੱਫ.ਐੱਸ.ਜੀ.ਐੱਮ.ਸੀ. ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਕੁਝ ਹੋਰ ਲੋਕ ਵੀ ਇਸ ਘਟਨਾ ਵਿੱਚ ਜ਼ਖ਼ਮੀ ਹੋਏ ਸਨ।

