ਗੁਰਦੁਆਰਾ ਕੰਪਲੈਕਸ ਨੂੰ ਪ੍ਰਦਰਸ਼ਨਾਂ ਲਈ ਨਾ ਵਰਤਿਆ ਜਾਵੇ: ਸਾਹਨੀ
ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਨਾਅਰੇਬਾਜ਼ੀ, ਭਾਸ਼ਣਾਂ ਅਤੇ ਤਖ਼ਤੀਆਂ ਸਮੇਤ ਰੋਸ ਪ੍ਰਦਰਸ਼ਨਾਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਇਬਾਦਤ ਅਤੇ ਸੇਵਾ ਦਾ ਪਵਿੱਤਰ ਸਥਾਨ ਹੈ, ਨਾ ਕਿ ਸਿਆਸੀ ਪ੍ਰਦਰਸ਼ਨਾਂ ਦੀ ਥਾਂ।...
ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਨਾਅਰੇਬਾਜ਼ੀ, ਭਾਸ਼ਣਾਂ ਅਤੇ ਤਖ਼ਤੀਆਂ ਸਮੇਤ ਰੋਸ ਪ੍ਰਦਰਸ਼ਨਾਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਇਬਾਦਤ ਅਤੇ ਸੇਵਾ ਦਾ ਪਵਿੱਤਰ ਸਥਾਨ ਹੈ, ਨਾ ਕਿ ਸਿਆਸੀ ਪ੍ਰਦਰਸ਼ਨਾਂ ਦੀ ਥਾਂ। ਉਨ੍ਹਾਂ ਕਿਹਾ ਕਿ ਸਿੱਖ ਪਰੰਪਰਾ ਹਰ ਕਿਸੇ ਦਾ ਲੰਗਰ ਅਤੇ ਰਿਹਾਇਸ਼ ਨਾਲ ਸਵਾਗਤ ਕਰਦੀ ਹੈ, ਭਾਵੇਂ ਉਨ੍ਹਾਂ ਦਾ ਪਿਛੋਕੜ ਜਾਂ ਮਕਸਦ ਕੁਝ ਵੀ ਹੋਵੇ, ਪਰ ਇਸ ਖੁੱਲ੍ਹਦਿਲੀ ਦੀ ਦੁਰਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਤੱਥ ਸਪੱਸ਼ਟ ਕਰਦਿਆਂ ਦੱਸਿਆ ਕਿ ਦਿੱਲੀ ਪੁਲੀਸ ਦੇ ਕਰਮਚਾਰੀ ਸਿਰਫ਼ ਜੁੱਤੀ-ਘਰ ਵਾਲੇ ਨਿਰਧਾਰਤ ਰਸਤੇ ਤੋਂ ਲੰਘੇ ਸਨ ਅਤੇ ਮੁੱਖ ਗੁਰਦੁਆਰਾ ਕੰਪਲੈਕਸ ਵਿੱਚ ਦਾਖ਼ਲ ਨਹੀਂ ਹੋਏ। ਇਹ ਘਟਨਾ ਸਵੇਰੇ ਕਰੀਬ 11 ਵਜੇ ਵਾਪਰੀ ਸੀ। ਪ੍ਰਦਰਸ਼ਨਕਾਰੀ ਦੁਪਹਿਰ ਬਾਅਦ ਲਗਪਗ ਇੱਕ ਵਜੇ ਇਕੱਠੇ ਹੋਏ। ਉਨ੍ਹਾਂ ਇਸ ਗੱਲ ’ਤੇ ਚਿੰਤਾ ਪ੍ਰਗਟਾਈ ਕਿ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਮਨ੍ਹਾਂ ਕਰਨ ਦੇ ਬਾਵਜੂਦ ਅਹਾਤੇ ਦੇ ਅੰਦਰ ਨਾਅਰੇਬਾਜ਼ੀ ਕੀਤੀ ਗਈ ਅਤੇ ਤਖ਼ਤੀਆਂ ਦਿਖਾਈਆਂ ਗਈਆਂ। ਉਨ੍ਹਾਂ ਕਿਹਾ ਕਿ ਲੰਗਰ ਜਾਂ ਰਿਹਾਇਸ਼ ਲਈ ਆਉਣ ਵਾਲੇ ਸ਼ਾਂਤਮਈ ਸ਼ਰਧਾਲੂਆਂ ਦਾ ਗੁਰਦੁਆਰਾ ਸਾਹਿਬ ਵਿੱਚ ਹਮੇਸ਼ਾ ਸਵਾਗਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਮਾਨਵਤਾਵਾਦੀ ਮਦਦ ਦੇਣ ਅਤੇ ਇਬਾਦਤਗਾਹ ਨੂੰ ਰੋਸ ਪ੍ਰਦਰਸ਼ਨ ਵਾਲੀ ਥਾਂ ਵਿੱਚ ਤਬਦੀਲ ਕਰਨ ਵਿਚਕਾਰ ਸਪੱਸ਼ਟ ਲਕੀਰ ਦਾ ਸਤਿਕਾਰ ਕਰਨਾ ਚਾਹੀਦਾ ਹੈ।

