ਸਰਕਾਰ ਤੇਲ ਅਤੇ ਗੈਸ ਦੀ ਸਪਲਾਈ ਲਈ ਚੌਕਸ: Haryana CM Saini
ਜੀਂਦ ਹਲਕੇ ਲੲੀ ਐਲਾਨੇ 125 ਵਿਕਾਸ ਕੰਮਾਂ ਵਿੱਚੋਂ 103 ਦਾ ਕੰਮ ਪੂਰਾ ਹੋਣ ਦਾ ਦਾਅਵਾ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਾਤਾ ਜੈਅੰਤੀ ਦੇਵੀ ਦੀ ਪਾਵਨ ਨਗਰੀ ਵਿੱਚ ਆਉਣ ਨਾਲ ਉਨ੍ਹਾਂ ਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ। ਜੀਂਦ ਦੀ ਇਹ ਭੂਮੀ ਮਿਹਨਤ ਅਤੇ ਤਰੱਕੀ ਦਾ ਸੰਗਮ ਰਹੀ ਹੈ। ਮੁੱਖ ਮੰਤਰੀ ਅੱਜ ਇੱਥੇ ਏਕਲਵਯ ਸਟੇਡੀਅਮ ਸਾਹਮਣੇ ਕੀਤੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਜੀਂਦ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੇਗੀ। ਸਰਕਾਰ ਤੇਲ ਅਤੇ ਗੈਸ ਦੀ ਸਪਲਾਈ ਬਹਾਲ ਰੱਖਣ ਲਈ ਚੌਕਸੀ ਵਰਤ ਰਹੀ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਜੀਂਦ ਵਿਧਾਨ ਸਭਾ ਹਲਕੇ ਲਈ 253 ਕਰੋੜ ਰੁਪਏ ਦੀਆਂ 15 ਯੋਜਨਾਵਾਂ ਦੇ ਉਦਘਾਟਨ ਅਤੇ ਨੀਂਹ-ਪੱਥਰ ਰੱਖੇ। ਇਨ੍ਹਾਂ ਵਿੱਚ 1.12 ਅਰਬ ਦੀ ਲਾਗਤ ਵਾਲੇ 3 ਪ੍ਰਾਜੈਕਟਾਂ ਦੇ ਉਦਘਾਟਨ ਅਤੇ 1.40 ਅਰਬ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 12 ਪ੍ਰਾਜੈਕਟਾਂ ਦੇ ਨੀਂਹ-ਪੱਥਰ ਰੱਖੇ। ਹੁਣ ਤੱਕ ਜੀਂਦ ਦੇ ਵਿਕਾਸ ਲਈ ਐਲਾਨੀਆਂ 125 ਯੋਜਨਾਵਾਂ ਵਿੱਚੋਂ 103 ਦਾ ਕੰਮ ਪੂਰਾ ਹੋ ਚੁੱਕਿਆ ਹੈ, ਬਾਕੀ ਵਿਕਾਸ ਕਾਰਜਾਂ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜੀਂਦ ਵਿਧਾਨ ਸਭਾ ਹਲਕੇ ਦੇ ਵਿਕਾਸ ਕੰਮਾਂ ਲਈ 11 ਸਾਲਾਂ ਵਿੱਚ 2217 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਅਤੇ 15 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ ਹੈ। ਉਨ੍ਹਾਂ ਹੋਰ ਵਿਕਾਸ ਕੰਮਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਬਜਟ 2026-27 ਤਹਿਤ 21 ਖੇਡ ਸਟੇਡੀਅਮ ਬਣਾਏ ਜਾਣਗੇ। ਇਨ੍ਹਾਂ ਵਿੱਚ ਜੀਂਦ ਦਾ ਸਟੇਡੀਅਮ ਵੀ ਸ਼ਾਮਲ ਹੈ। ਸੂਬੇ ਵਿੱਚ 10 ਨਵੇਂ ਆਈ ਐੱਮ ਟੀ ਬਣਾਉਣ, ਜੀਂਦ ਵਿੱਚ ਮਾਡਲ ਸੜਕ ਅਤੇ ਰਾਣੀ ਤਲਾਬ ਦੇ ਨਜ਼ਦੀਕ ਪਾਰਕ ਬਣਾਇਆ ਜਾਵੇਗਾ। ਇਸ ਉੱਤੇ 60 ਕਰੋੜ ਰੁਪਏ ਦੀ ਲਾਗਤ ਆਵੇਗੀ। ਸ਼ਹਿਰ ਦੀ ਸੜਕਾਂ ਉੱਤੇ ਲਾਈਟਾਂ, ਸਰਕਾਰੀ ਕਾਲਜ ਵਿੱਚ ਆਰਟ ਬਲਾਕ ਦਾ ਨਿਰਮਾਣ, ਮਾਰਕੀਟ ਬੋਰਡ ਦੀ ਛੇ ਸੜਕਾਂ ਨੂੰ ਚੌੜਾ ਅਤੇ ਮੁਰੰਮਤ, ਪੀ ਡਬਲਿਊ ਡੀ ਦੀ 25 ਸੜਕਾਂ ਦਾ ਰੱਖ-ਰਖਾਅ ਅਤੇ 25 ਕਿਲੋਮੀਟਰ ਦੇ ਖੇਤਾਂ ਵਿੱਚ ਜਾਣ ਵਾਲੇ ਕੱਚੇ ਰਸਤੇ ਪੱਕੇ ਕਰਵਾਏ ਜਾਣਗੇ। ਇਸ ਮੌਕੇ ਕੈਬਨਿਟ ਮੰਤਰੀ ਕ੍ਰਿਸ਼ਨ ਬੇਦੀ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਤੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਹਾਜ਼ਰ ਸਨ।

