ਸ਼ਾਹਬਾਦ ਮੰਡੀ ਵਿੱਚ ਸੂਰਜਮੁਖੀ ਦੀ ਸਰਕਾਰੀ ਖ਼ਰੀਦ ਸ਼ੁਰੂ
ਬੀ ਕੇ ਯੂ (ਚਡ਼ੂਨੀ) ਦੇ ਪ੍ਰਦਰਸ਼ਨ ਤੋਂ ਬਾਅਦ ਪ੍ਰਸ਼ਾਸਨ ਨੇ ਲਿਆ ਫ਼ੈਸਲਾ
ਦੇਸ਼ ਦੀ ਸਭ ਤੋਂ ਵੱਡੀ ਸੂਰਜਮੁਖੀ ਮੰਡੀ ਸ਼ਾਹਬਾਦ ਦਾਣਾ ਮੰਡੀ ਵਿੱਚ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ। ਇੱਥੇ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਕਈ ਦਿਨਾਂ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ ਅਤੇ ਪ੍ਰਸ਼ਾਸਕੀ ਵਿਵਾਦ ਵੀ ਚੱਲਦਾ ਰਿਹਾ। ਬੀ ਕੇ ਯੂ (ਚੜੂਨੀ) ਦੀ ਅਗਵਾਈ ਵਿੱਚ ਦਰਜਨਾਂ ਕਿਸਾਨਾਂ ਨੇ ਬੁੱਧਵਾਰ ਸਵੇਰ ਤੋਂ ਹੀ ਮਾਰਕੀਟ ਕਮੇਟੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਅਤੇ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੀ ਮੰਗ ਕੀਤੀ। ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਬੈਂਸ ਨੇ ਇਲਜ਼ਾਮ ਲਗਾਇਆ ਕਿ 25 ਮਈ ਨੂੰ ਖ਼ਰੀਦ ਦਾ ਐਲਾਨ ਹੋਣ ਦੇ ਬਾਵਜੂਦ ਮੰਡੀ ਵਿੱਚ ਖ਼ਰੀਦ ਸ਼ੁਰੂ ਨਹੀਂ ਹੋਈ। ਪਹਿਲਾਂ 25 ਫ਼ੀਸਦੀ ਖ਼ਰੀਦ ਕੇਂਦਰ ਸਰਕਾਰ ਦੇ ਪੀ ਐੱਸ ਐੱਸ ਅਧੀਨ ਕੀਤੀ ਜਾਣੀ ਸੀ ਪਰ ਮੰਡੀ ਪ੍ਰਸ਼ਾਸਨ ਪੱਤਰ ਨਾ ਆਉਣ ਦਾ ਹਵਾਲਾ ਦਿੰਦਾ ਰਿਹਾ। ਇਸ ਤੋਂ ਨਾਰਾਜ਼ ਕਿਸਾਨ ਲਾਡਵਾ ਰੋਡ ਜਾਮ ਕਰਨ ਲਈ ਚੱਲ ਪਏ। ਪੁਲੀਸ ਨੇ ਲਾਡਵਾ ਰੋਡ ਨੇੜੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕਿਸਾਨ ਮੰਡੀ ਚੌਕ ਵਿੱਚ ਧਰਨੇ ’ਤੇ ਬੈਠ ਗਏ। ਗਰਮੀ ਦੇ ਬਾਵਜੂਦ ਕਿਸਾਨ ਕਈ ਘੰਟੇ ਧਰਨੇ ’ਤੇ ਡਟੇ ਰਹੇ ਅਤੇ ਧਰਨਾ ਸਥਾਨ ’ਤੇ ਹੀ ਲੰਗਰ ਛਕਿਆ।
ਹਾਲਾਤ ਵਿਗੜਦੇ ਦੇਖ ਕੇ ਐੱਸ ਡੀ ਐੱਮ ਸ਼ੰਭੂ ਰਾਠੀ, ਜ਼ੋਨਲ ਮਾਰਕੀਟਿੰਗ ਐਨਫੋਰਸਮੈਂਟ ਅਫ਼ਸਰ ਰਾਮ ਮੇਹਰ, ਚੇਅਰਮੈਨ ਕਰਨ ਰਾਜ ਸਿੰਘ ਤੂਰ, ਹੈਫੇਡ ਮੈਨੇਜਰ ਵਿਜੇ ਢਿੱਲੋਂ ਅਤੇ ਸਕੱਤਰ ਕ੍ਰਿਸ਼ਨ ਕੁਮਾਰ ਮਲਿਕ ਮੌਕੇ ’ਤੇ ਪੁੱਜੇ। ਅਧਿਕਾਰੀਆਂ ਦੇ ਦਖ਼ਲ ਤੋਂ ਬਾਅਦ ਪੀ ਐੱਸ ਐੱਸ ਅਧੀਨ ਸਰਕਾਰੀ ਖ਼ਰੀਦ ਸ਼ਾਮ 4 ਵਜੇ ਦੇ ਕਰੀਬ ਮੁੜ ਸ਼ੁਰੂ ਹੋਈ। ਹਾਲਾਂਕਿ ਅਧਿਕਾਰੀਆਂ ਨੇ ਲੈਟਰ ਪ੍ਰਾਪਤ ਹੋਣ ਬਾਰੇ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ।
ਅੱਜ ਫਿਰ ਵਧੇਗੀ ਪ੍ਰੇਸ਼ਾਨੀ
ਸ਼ਾਹਬਾਦ ਦਾਣਾ ਮੰਡੀ ਵਿੱਚ ਦੋਵੇਂ ਕਮਿਸ਼ਨ ਏਜੰਟ ਐਸੋਸੀਏਸ਼ਨਾਂ ਨੇ ਵੀਰਵਾਰ ਤੋਂ ਕੰਮ ਬੰਦ ਕਰਨ ਦਾ ਐਲਾਨ ਕੀਤਾ ਹੈ। ਉਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਦਾ ਕਮਿਸ਼ਨ 2.5 ਫ਼ੀਸਦੀ ਤੱਕ ਵਧਾਇਆ ਜਾਵੇ ਜਦੋਂਕਿ ਸਰਕਾਰੀ ਹੁਕਮਾਂ ਵਿੱਚ ਪਿਛਲੇ ਸਾਲ ਇੱਕ ਫ਼ੀਸਦੀ ਕਮਿਸ਼ਨ ਲਾਜ਼ਮੀ ਸੀ। ਬੀ ਕੇ ਯੂ (ਚੜੂਨੀ) ਨੇ ਦੋਸ਼ ਲਾਏ ਸਨ ਕਿ ਕਮਿਸ਼ਨ ਤੋਂ ਇਲਾਵਾ ਇੱਥੇ ਹਰ ਕਮਿਸ਼ਨ ਏਜੰਟ ਨੇ ਪਿਛਲੇ ਸਾਲ ਕਿਸਾਨਾਂ ਤੋਂ 100 ਰੁਪਏ ਪ੍ਰਤੀ ਕੁਇੰਟਲ ਨਾਜਾਇਜ਼ ਵਸੂਲੇ ਸਨ ਜਦੋਂਕਿ ਸੂਬੇ ਦੀਆਂ ਸਾਰੀਆਂ 16 ਹੋਰ ਮੰਡੀਆਂ ਵਿੱਚ ਕਮਿਸ਼ਨ ਏਜੰਟ 1 ਫ਼ੀਸਦੀ ਕਮਿਸ਼ਨ ਤੋਂ ਸੰਤੁਸ਼ਟ ਹਨ। ਇਸ ਸਾਲ ਸ਼ਾਹਬਾਦ ਵਿੱਚ ਕਰੀਬ 2,25,000 ਕੁਇੰਟਲ ਸੂਰਜਮੁਖੀ ਦੀ ਆਮਦ ਦਾ ਅਨੁਮਾਨ ਹੈ। ਕਿਸਾਨਾਂ ਨੂੰ ਡਰ ਹੈ ਕਿ ਜੇ ਇਸ ਸਾਲ ਵੀ 100 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਕਮਿਸ਼ਨ ਏਜੰਟਾਂ ਨੂੰ 22.5 ਕਰੋੜ ਰੁਪਏ ਵਾਧੂ ਦੇਣੇ ਪੈਣਗੇ।

