ਸਿਹਤ ਤੇ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ ਸਰਕਾਰ: ਬਰਾਲਾ
ਰਾਜ ਸਭਾ ਮੈਂਬਰ ਨੇ ਜਾਂਡਲੀ ਕਲਾਂ ਤੇ ਲਹਿਰੀਆ ’ਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ
ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਪਿੰਡਾਂ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਸਰਕਾਰ ਦਾ ਉਦੇਸ਼ ਹੈ ਕਿ ਪਿੰਡਾਂ ਵਿੱਚ ਸ਼ਹਿਰਾਂ ਵਰਗੀਆਂ ਆਧੁਨਿਕ ਸਿੱਖਿਆ, ਖੇਡਾਂ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਸੁਭਾਸ਼ ਬਰਾਲਾ ਅੱਜ ਪੰਚਾਇਤ ਫੰਡ ਸਕੀਮ ਤਹਿਤ ਪਿੰਡ ਜਾਂਡਲੀ ਕਲਾਂ ਅਤੇ ਲਹਿਰੀਆ ਵਿੱਚ ਲਗਪਗ 55 ਲੱਖ ਰੁਪਏ ਦੀ ਲਾਗਤ ਤਿਆਰ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਸੁਭਾਸ਼ ਬਰਾਲਾ ਨੇ ਪਿੰਡ ਜਾਂਡਲੀ ਕਲਾਂ ਵਿੱਚ ਕਰੀਬ 47 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਆਧੁਨਿਕ ਪਾਰਕ ਅਤੇ ਪੱਕੀ ਗਲੀ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਲਹਿਰੀਆ ਵਿੱਚ ਕਰੀਬ 8 ਲੱਖ ਰੁਪਏ ਦੀ ਲਾਗਤ ਨਾਲ ਬਣੀ ਲਾਇਬ੍ਰੇਰੀ ਲੋਕ ਅਰਪਿਤ ਕੀਤੀ। ਇੱਥੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ। ਸੰਸਦ ਮੈਂਬਰ ਨੇ ਕਿਹਾ ਕਿ ਜਾਂਡਲੀ ਕਲਾਂ ਵਿੱਚ ਬਣੇ ਨਵੇਂ ਆਧੁਨਿਕ ਪਾਰਕ ਨਾਲ ਬੱਚਿਆਂ, ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਦੀ ਸਿਹਤ ਅਤੇ ਜੀਵਨ ਸ਼ੈਲੀ ਵਿੱਚ ਸਕਾਰਾਤਮਕ ਬਦਲਾਅ ਆਵੇਗਾ। ਉਨ੍ਹਾਂ ਕਿਹਾ ਕਿ ਨਵੀਂ ਪੱਕੀ ਗਲੀ ਬਣਨ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਸਹੂਲਤ ਮਿਲੇਗੀ। ਸੁਭਾਸ਼ ਬਰਾਲਾ ਨੇ ਕਿਹਾ ਕਿ ਪਿੰਡ ਲਹਿਰੀਆ ਵਿੱਚ ਬਣੀ ਆਧੁਨਿਕ ਲਾਇਬ੍ਰੇਰੀ ਨਾਲ ਵਿਦਿਆਰਥੀਆਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਪੜ੍ਹਾਈ ਲਈ ਸ਼ਾਨਦਾਰ ਮਾਹੌਲ ਮਿਲੇਗਾ। ਹੁਣ ਉਨ੍ਹਾਂ ਨੂੰ ਉੱਚ ਸਿੱਖਿਆ ਅਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਵਾਰ-ਵਾਰ ਸ਼ਹਿਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ, ਸਗੋਂ ਜ਼ਿਆਦਾਤਰ ਪਾਠ ਸਮੱਗਰੀ ਪਿੰਡ ਪੱਧਰ ’ਤੇ ਹੀ ਉਪਲਬਧ ਹੋਵੇਗੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹਰਕੋਫੈਡ ਦੇ ਚੇਅਰਮੈਨ ਵੇਦ ਫੂਲਾ, ਬੀ ਡੀ ਪੀ ਓ ਸੁਸ਼ੀਲ ਕੁਮਾਰ, ਪਿੰਡ ਜਾਂਡਲੀ ਕਲਾਂ ਦੀ ਸਰਪੰਚ ਸ਼ੀਲਾ ਭੈਰੋ, ਪਿੰਡ ਲਹਿਰੀਆ ਦੀ ਸਰਪੰਚ ਅਰੁਣਾ ਨੇਹਰਾ, ਵਿਜੈ ਕਮਾਂਡੋ, ਸਾਬਕਾ ਸਰਪੰਚ ਭਲੇਰਾਮ, ਕ੍ਰਿਸ਼ਨ ਨੈਨ, ਸੁਨੀਲ ਪ੍ਰਧਾਨ, ਰਮੇਸ਼ ਕਾਮਰੇਡ, ਰਾਜਿੰਦਰ ਬਾਲਮੀਕੀ, ਹਰਿਕ੍ਰਿਸ਼ਨ ਜਾਂਗੜਾ, ਬਸਾਉ ਰਾਮ ਭੈਰੋ ਆਦਿ ਮੌਜੂਦ ਸਨ।

