ਕਿਸਾਨਾਂ ਨੂੰ ਬਾਗਬਾਨੀ ਲਈ ਉਤਸ਼ਾਹਿਤ ਕਰ ਰਹੀ ਹੈ ਸਰਕਾਰ: Shyam Singh Rana
ਤਿੰਨ ਰੋਜ਼ਾ ਅੰਬ ਮੇਲਾ ਸਮਾਪਤ; 200 ਤੋਂ ਵੱਧ ਅੰਬਾਂ ਦੀਆਂ ਕਿਸਮਾਂ ਦਾ ਸਟਾਲ ਲੱਗੇ
ਲਾਡਵਾ ਦੇ ਸਬ-ਟ੍ਰੋਪਿਕਲ ਫਰੂਟ ਸੈਂਟਰ ਵਿੱਚ ਅੱਜ ਤਿੰਨ ਰੋਜ਼ਾ ਅੰਬ ਮੇਲਾ ਸਮਾਪਤ ਹੋ ਗਿਆ ਹੈ। ਇਸ ਦੌਰਾਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ ਬਾਗਬਾਨੀ ਲਈ ਉਤਸ਼ਾਹਿਤ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਾਲਾ ਦੇਸ਼ ਬਣ ਰਿਹਾ ਹੈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਨਰਸਰੀ ਦਾ ਨਿਰੀਖਣ ਕੀਤਾ ਅਤੇ ਸੈਂਟਰ ਦੇ ਆਹਤੇ ਵਿੱਚ ਬੂਟਾ ਲਾ ਕੇ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੱਤਾ। ਉਨ੍ਹਾਂ ਪ੍ਰਧਾਨ ਮੰਤਰੀ ਦੀ ਮੁਹਿੰਮ ‘ਇਕ ਰੁੱਖ ਮਾਂ ਦੇ ਨਾਮ’ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਸੂਬਿਆਂ ਤੋਂ ਆਏ ਕਿਸਾਨਾਂ ਵੱਲੋਂ ਲਾਏ ਵੱਖ-ਵੱਖ ਕਿਸਮਾਂ ਦੇ ਅੰਬਾਂ ਦੇ ਸਟਾਲ ਵੀ ਦੇਖੇ। ਉਨ੍ਹਾਂ ਕਿਹਾ ਕਿ ਅੰਬ ਮੇਲੇ ਵਿੱਚ 200 ਤੋਂ ਵੱਧ ਅੰਬਾਂ ਦੀਆਂ ਕਿਸਮਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ, ਜੋ ਕਿ ਕਿਸਾਨਾਂ ਦੇ ਤਜਰਬੇ, ਨਵੀਨਤਾ ਅਤੇ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਏ ਆਈ ਦਾ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ। ਏ ਆਈ ਰਾਹੀਂ ਕਿਸਾਨ ਆਪਣੇ ਖਰਚਿਆਂ ਅਤੇ ਆਮਦਨ ਦਾ ਪੂਰਾ ਰਿਕਾਰਡ ਆਪਣੇ ਮੋਬਾਈਲ ’ਚ ਰੱਖ ਸਕਦੇ ਹਨ। ਇਹ ਸਮਾਰਟ ਖੇਤੀ ਦਾ ਭਵਿੱਖ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦੀ ਮਾਲਕੀ ਘੱਟ ਰਹੀ ਹੈ, ਇਸ ਲਈ ਸਰਕਾਰ ਕਿਸਾਨਾਂ ਨੂੰ ਬਾਗਬਾਨੀ ਫਸਲਾਂ ਲਈ ਉਤਸ਼ਾਹਿਤ ਕਰ ਰਹੀ ਹੈ। ਨਵੇਂ ਅੰਬਾਂ ਦੇ ਬਾਗ ਲਗਾਉਣ ਲਈ ਪ੍ਰਤੀ ਏਕੜ 42 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅੰਬ ਦੀ ਫਸਲ ਨੂੰ ਕੀਮਤ ਅੰਤਰ ਮੁਆਵਜ਼ਾ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਬਾਗਬਾਨੀ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਅਰਜਨ ਸਿੰਘ ਸੈਣੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਵੱਲੋਂ ਕੀਤੇ ਜਾ ਰਹੇ ਬਾਗਬਾਨੀ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬਾਗਬਾਨੀ ਵਿਭਾਗ ਦੇ ਮਿਸ਼ਨ ਡਾਇਰੈਕਟਰ ਡਾ. ਮਨੋਜ ਕੁਮਾਰ, ਚੇਅਰਮੈਨ ਗਣੇਸ਼ ਦੱਤ, ਪਿੰਕੀ ਯਾਦਵ, ਡਾ. ਸਤੇਂਦਰ ਸਿੰਘ ਸ਼ਿਵੰਦੂ, ਡਾ. ਬਿਲੂ ਯਾਦਵ, ਨਾਇਬ ਸਿੰਘ ਪਟਾਕ ਮਾਜਰਾ, ਪੂਨਮ ਸੈਣੀ, ਸੰਨੀ ਕਾਲੜਾ ਆਦਿ ਮੌਜੂਦ ਸਨ।

