ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਰਹੀ ਹੈ ਸਰਕਾਰ: Tarun Bhandari
ਮੁੱਖ ਮੰਤਰੀ ਦੇ ਸਿਆਸੀ ਸਕੱਤਰ ਨੇ ਖਿਡਾਰੀਆਂ ਨੂੰ ਨਸ਼ੇ ਨਾ ਕਰਨ ਦੀ ਸਹੁੰ ਚੁਕਾਈ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਿਆਸੀ ਸਕੱਤਰ ਤਰੁਣ ਭੰਡਾਰੀ ਨੇ ਸਥਾਨਕ ਬਲੂ ਬੈੱਲਜ਼ ਸਕੂਲ ਦੇ ਕ੍ਰਿਕਟ ਮੈਦਾਨ ਵਿੱਚ ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ ਵੱਲੋਂ ਕਰਵਾਈ ਨਮੋ ਕ੍ਰਿਕਟ ਲੀਗ-2026 ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਨਸ਼ੇ ਨਾ ਕਰਨ ਦੀ ਸਹੁੰ ਚੁਕਾਈ। ਇਸ ਮੌਕੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਵਿਵੇਕ ਗੁਪਤਾ ਵੀ ਮੌਜੂਦ ਸਨ। ਇਸ ਮੌਕੇ ਬਲੂ ਬੈੱਲਜ਼ ਸਕੂਲ ਦੇ ਪ੍ਰਿੰਸੀਪਲ ਰਾਜੀਵ ਮਹਿਤਾ ਅਤੇ ਗੁਲਸ਼ਨ ਮਹਿਤਾ ਨੇ ਮੁੱਖ ਮਹਿਮਾਨ ਤਰੁਣ ਭੰਡਾਰੀ ਦਾ ਸਵਾਗਤ ਕੀਤਾ। ਪ੍ਰਬੰਧਕੀ ਕਮੇਟੀ ਦੇ ਮੈਂਬਰ ਅੰਸ਼ੁਲ ਵਾਲੀਆ, ਅਕਸ਼ੈ ਕੌਸ਼ਿਕ, ਹਨੀ ਸੈਣੀ, ਇਮਰਾਨ, ਰਮਨ ਵਾਲੀਆ, ਪ੍ਰਿੰਸ ਸਿੰਘ, ਐਂਥਨੀ ਅਤੇ ਸੰਦੀਪ ਸੈਣੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਤਰੁਣ ਭੰਡਾਰੀ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਨ ਮਗਰੋਂ ਕ੍ਰਿਕਟ ਵੀ ਖੇਡੀ। ਤਰੁਣ ਭੰਡਾਰੀ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਇਹ ਮੁਹਿੰਮ ‘ਕ੍ਰਿਕਟ ਨੂੰ ਹਾਂ, ਨਸ਼ਿਆਂ ਨੂੰ ਨਹੀਂ’ ਦੇ ਸੰਦੇਸ਼ ਨਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁਹਿੰਮ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਲੀਗ ਵਿੱਚ 50,000 ਤੋਂ ਵੱਧ ਨੌਜਵਾਨ ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਹਰਿਆਣਾ ਅਤੇ ਗੁਆਂਢੀ ਰਾਜਾਂ ਵਿੱਚ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਮੋ ਕ੍ਰਿਕਟ ਲੀਗ 2026 ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 21 ਲੱਖ ਰੁਪਏ, ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 11 ਲੱਖ ਰੁਪਏ, ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 5 ਲੱਖ ਰੁਪਏ ਅਤੇ ਚੌਥੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 2.5 ਲੱਖ ਰੁਪਏ ਮਿਲਣਗੇ।

