ਉਚਾਨਾ ਦੇ ਵਿਕਾਸ ਲਈ ਸਰਕਾਰ ਵਚਨਬੱਧ: ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਉਚਾਨਾ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਚਾਨਾ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਮੁੱਖ ਮੰਤਰੀ ਅੱਜ ਜੀਂਦ ਜ਼ਿਲ੍ਹੇ ਦੇ...
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਉਚਾਨਾ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਚਾਨਾ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਮੁੱਖ ਮੰਤਰੀ ਅੱਜ ਜੀਂਦ ਜ਼ਿਲ੍ਹੇ ਦੇ ਉਚਾਨਾ ਹਲਕੇ ਦੇ ਵਿਧਾਇਕ ਚਤਰਭੁੱਜ ਦੇਵਿੰਦਰ ਅੱਤਰੀ ਵੱਲੋਂ ਕਰਵਾਈ ਧੰਨਵਾਦ ਰੈਲੀ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਜਿਵੇਂ ਸਾਡੇ ਉੱਤੇ ਪ੍ਰਧਾਨ ਮੰਤਰੀ ਦਾ ਆਸ਼ੀਰਵਾਦ ਹੈ, ਉਵੇਂ ਹੀ ਚਤਰਭੁੱਜ ਦੇਵਿੰਦਰ ਅੱਤਰੀ ਉੱਤੇ ਉਚਾਨਾ ਦੀ ਜਨਤਾ ਦਾ ਆਸ਼ੀਰਵਾਦ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਉਚਾਨਾ ਵਿਕਾਸ ਰੈਲੀ ਵਿੱਚ ਵਿਸ਼ੇਸ਼ ਸੌਗਾਤਾਂ ਦਾ ਐਲਾਨ ਕੀਤਾ। ਉਨ੍ਹਾਂ 103 ਕਰੋੜ 30 ਲੱਖ 84 ਹਜ਼ਾਰ ਰੁਪਏ ਦੀਆਂ ਯੋਜਨਾਵਾਂ ਦਾ ਨੀਂਹ-ਪੱਥਰ ਰੱਖਿਆ ਤੇ ਉਦਘਾਟਨ ਕੀਤੇ। ਇਨ੍ਹਾਂ ਵਿੱਚ ਉਚਾਨਾ ਵਿਧਾਨ ਸਭਾ ਹਲਕੇ ਦੇ ਤਿੰਨ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ। ਇਨ੍ਹਾਂ ਵਿਕਾਸ ਕਾਰਜਾਂ ਨਾਲ ਇਲਾਕੇ ਵਿੱਚ ਮੂਲ ਸੁਵਿਧਾਵਾਂ ਬਿਹਤਰ ਹੋਣਗੀਆਂ ਤੇ ਆਮ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ। ਇਸ ਦੇ ਨਾਲ ਹੀ ਸ੍ਰੀ ਸੈਣੀ ਨੇ ਨਰਵਾਣਾ ਦੇ ਜਲ ਸੇਵਾ ਮੰਡਲ ਤਹਿਤ 22 ਕਰੋੜ 31 ਲੱਖ 74 ਹਜ਼ਾਰ ਰੁਪਏ ਦੀ ਲਾਗਤ ਨਾਲ ਸੁਦਕੈਨ ਡਿਸ਼ਟਰੀ ਦੇ ਪੁਨਰਵਾਸ-ਕਮ-ਆਰ ਡੀ ਦਾ ਉਦਘਾਟਨ ਕੀਤਾ। ਇਸ ਵਿੱਚ ਸਿਰਸਾ ਬ੍ਰਾਂਚ ਨਾਲ ਸਬੰਧਤ ਢਾਂਚੇ ਦੇ ਮੁੜ ਨਿਰਮਾਣ ਦੇ ਕੰਮ ਵੀ ਸ਼ਾਮਲ ਹਨ। ਉਚਾਨਾ ਦੇ ਜਨਸਿਹਤ ਇੰਜਨੀਅਰਿੰਗ ਵਿਭਾਗ ਵੱਲੋਂ 43,81,29,000 ਰੁਪਏ ਦੀ ਲਾਗਤ ਨਾਲ ਮਹਾਂਗ੍ਰਾਮ ਯੋਜਨਾ ਤਹਿਤ ਪਿੰਡ ਨਗੂਰਾਂ ਵਿੱਚ ਪਾਣੀ ਦੀ ਸਪਲਾਈ ਦੀ ਪੂਰਤੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਦੂਜੇ ਵਾਟਰ ਵਰਕਸ ਦੇ ਨਿਰਮਾਣ ਕੰਮ ਦਾ ਨੀਂਹ-ਪੱਥਰ ਰੱਖਿਆ ਗਿਆ। ਇਸੇ ਤਰ੍ਹਾਂ ਨਰਵਾਣਾ ਵਿੱਚ ਵੀ ਇਸੇ ਯੋਜਨਾ ਤਹਿਤ 30,95,48,000 ਰੁਪਏ ਦੀ ਲਾਗਤ ਨਾਲ ਪਿੰਡ ਛਾਤਰ ਵਿੱਚ ਸੀਵਰੇਜ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ, ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਢੁੱਲ, ਮਦਨ ਲਾਲ ਗੋਇਲ, ਐਡਵੋਕੇਟ ਵਿਜੈਪਾਲ ਆਦਿ ਨੇ ਸੰਬੋਧਨ ਕੀਤਾ। ਵਿਧਾਇਕ ਚਤਰਭੁੱਜ ਦੇਵਿੰਦਰ ਅੱਤਰੀ ਨੇ ਰੈਲੀ ਵਿੱਚ ਪਹੁੰਚਣ ਵਾਲਿਆਂ ਦਾ ਧੰਨਵਾਦ ਕੀਤਾ।
ਕਿਸੇ ਬਜ਼ੁਰਗ ਦੀ ਪੈਨਸ਼ਨ ਬੰਦ ਨਹੀਂ ਕੀਤੀ: ਬੇਦੀ
ਰੈਲੀ ਵਿੱਚ ਸੰਬੋਧਨ ਕਰਦਿਆਂ ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਬਜ਼ੁਰਗਾਂ ਦੀ ਪੈਨਸ਼ਨ ਕੱਟਣ ਦੇ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸੇ ਵੀ ਬਜ਼ੁਰਗ ਦੀ ਨਾ ਪੈਨਸ਼ਨ ਬੰਦ ਕੀਤੀ ਹੈ ਅਤੇ ਨਾ ਹੀ ਕੱਟਣ ਦਾ ਕੋਈ ਇਰਾਦਾ ਸੀ। ਉਨ੍ਹਾਂ ਕਿਹਾ ਕਿ ਸਾਰੇ ਬਜ਼ੁਰਗਾਂ ਦੀ ਪੈਨਸ਼ਨ ਪਹਿਲਾਂ ਵਾਂਗ ਹੀ ਚਾਲੂ ਹੈ। ਸ੍ਰੀ ਬੇਦੀ ਨੇ ਕਿਹਾ ਕਿ ਕੁਝ ਸ਼ਿਕਾਇਤਾਂ ਦੀ ਜਾਂਚ ਲਈ ਪੈਨਸ਼ਨ ਰੋਕੀ ਗਈ ਸੀ। ਇਹ ਮਾਮਲਾ ਜਦੋਂ ਮੁੱਖ ਮੰਤਰੀ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਕਿਹਾ ਕਿ ਜਾਂਚ ਹੁੰਦੀ ਰਹੇਗੀ ਪਰ ਸਾਰਿਆਂ ਦੇ ਖਾਤਿਆਂ ਵਿੱਚ ਪੈਨਸ਼ਨ ਭੇਜਣੀ ਸ਼ੁਰੂ ਕਰ ਦਿਓ।

