ਸਿੱਖਿਆ ਦੇ ਪਸਾਰ ਲਈ ਪਿੰਡਾਂ ’ਚ ਖੁੱਲ੍ਹਣਗੇ ਸਰਕਾਰੀ ਕਾਲਜ: ਸੁਮਨ ਸੈਣੀ
ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੀ ਉਪ ਪ੍ਰਧਾਨ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੀ ਉਪ ਪ੍ਰਧਾਨ ਸੁਮਨ ਸੈਣੀ ਨੇ ਕਿਹਾ ਹੈ ਕਿ ਸੂਬੇ ਵਿੱਚ ਸਿੱਖਿਆ ਦੇ ਵਧਦੇ ਮਹੱਤਵ ਨੂੰ ਦੇਖਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿੰਡਾਂ ਵਿੱਚ ਸਰਕਾਰੀ ਕਾਲਜ ਖੋਲ੍ਹਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਉੱਚ ਸਿੱਖਿਆ ਵਿਭਾਗ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਅਤੇ ਪਿੰਡ ਰਾਮ ਸ਼ਰਨ ਮਾਜਰਾ ਵਿੱਚ ਖੁੱਲ੍ਹਣ ਵਾਲੇ ਨਵੇਂ ਕਾਲਜ ਵਿੱਚ ਇਸੇ ਸਾਲ ਤੋਂ ਦਾਖਲੇ ਸ਼ੁਰੂ ਹੋ ਜਾਣਗੇ।
ਸੁਮਨ ਸੈਣੀ ਨੇ ਲਾਡਵਾ ਹਲਕੇ ਦੇ ਪਿੰਡ ਰਾਮਪੁਰਾ, ਭਗਵਾਨਪੁਰਾ, ਈਸ਼ਰਹੇੜੀ, ਬਰਥਲਾ ਅਤੇ ਸੁਨਾਰੀਆਂ ਦਾ ਦੌਰਾ ਕਰਦਿਆਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਕਾਲਜ ਖੁੱਲ੍ਹਣ ਨਾਲ ਹਲਕੇ ਦੇ ਦਰਜਨਾਂ ਪਿੰਡਾਂ ਦੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਦੂਰ-ਦੁਰਾਡੇ ਨਹੀਂ ਜਾਣਾ ਪਵੇਗਾ। ਉਨ੍ਹਾਂ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ ਅਤੇ ਪਿੰਡ ਵਾਸੀਆਂ ਨੂੰ ਆਪਣੀਆਂ ਸਮੱਸਿਆਵਾਂ ਲਈ ਕਬੀਰ ਕੁਟੀਰ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਤਨਜ ਕੱਸਦਿਆਂ ਕਿਹਾ ਕਿ ਪਹਿਲਾਂ ਸਿੱਖਿਆ ਦੀ ਪ੍ਰਵਾਹ ਕੀਤੇ ਬਿਨਾਂ ਕੋਈ ਨੌਕਰੀ ਬਾਰੇ ਸੋਚਦਾ ਤੱਕ ਨਹੀਂ ਸੀ, ਪਰ ਹੁਣ ਸਥਿਤੀ ਬਦਲ ਗਈ ਹੈ। ਅੱਜ ਸੂਬੇ ਦਾ ਨੌਜਵਾਨ 12ਵੀਂ ਪਾਸ ਕਰਦਿਆਂ ਹੀ ਨੌਕਰੀ ਦੀ ਤਿਆਰੀ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਮੌਜੂਦਾ ਸਰਕਾਰ ਸਿਰਫ਼ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਦੇ ਰਹੀ ਹੈ।
ਸੁਮਨ ਸੈਣੀ ਨੇ ਦੱਸਿਆ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਵੱਲੋਂ ਉਦਘਾਟਨ ਕੀਤੇ ਗਏ ਬਾਬੈਨ ਦੇ ਸਰਸਵਤੀ ਚੌਂਕ ਨੇ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਏ ਹਨ, ਜਿਸ ਦਾ ਸਿੱਧਾ ਲਾਭ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਮਿਲੇਗਾ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਯੋਜਨਾਵਾਂ ਪ੍ਰਤੀ ਜਾਗਰੂਕ ਹੋਣ ਅਤੇ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਮੌਕੇ ਜ਼ਿਲ੍ਹਾ ਪਰਿਸ਼ਦ ਚੇਅਰਪਰਸਨ ਕੰਵਲਜੀਤ ਕੌਰ, ਸੈਣੀ ਸਮਾਜ ਦੇ ਪ੍ਰਧਾਨ ਗੁਰਨਾਮ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਜੱਸੀ, ਨਾਇਬ ਸਿੰਘ ਪਟਾਕ ਮਾਜਰਾ, ਵਿਕਾਸ ਸ਼ਰਮਾ, ਅਨਿਲ ਟਾਟਕੀ, ਸਾਬਕਾ ਸਰਪੰਚ ਦੂਹਣ ਸਿੰਘ, ਸਰਪੰਚ ਡਾ. ਰਾਮ ਕੁਮਾਰ, ਗੁਲਸ਼ਨ ਕੁਮਾਰ, ਰੀਨਾ ਸੈਣੀ, ਪਰਮਜੀਤ ਕੌਰ ਕਸ਼ਯਪ, ਨੇਹਾ ਸੈਣੀ, ਤਰਸੇਮ ਰਾਏ, ਨਰਿੰਦਰ ਗੌਜਰੇ, ਪ੍ਰਦੀਪ ਬਿੰਟ ਮਿਕਸਨ ਅਤੇ ਧਰਮਪਾਲ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।

