ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੂਨ
ਹਰਿਆਣਾ ਵਿੱਚ ਕਈ ਕਤਲਾਂ ਅਤੇ ਦਿੱਲੀ ਵਿੱਚ ਹਥਿਆਰਾਂ ਦੇ ਮਾਮਲਿਆਂ ਨਾਲ ਜੁੜੇ ਇੱਕ ਲੋੜੀਂਦੇ ਅਪਰਾਧੀ ਨੂੰ ਮੰਗਲਵਾਰ ਸਵੇਰੇ ਦਿੱਲੀ-ਹਰਿਆਣਾ ਸਰਹੱਦ ਨੇੜੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰੋਮਿਲ ਵੋਹਰਾ ਵਜੋਂ ਹੋਈ ਹੈ, ਜੋ ਹਰਿਆਣਾ ਦੇ ਯਮੁਨਾਨਗਰ ਦਾ ਰਹਿਣ ਵਾਲਾ ਹੈ। ਉਹ ਯਮੁਨਾਨਗਰ ਵਿੱਚ ਇੱਕ ਤੀਹਰੇ ਕਤਲ ਅਤੇ ਕੁਰੂਕਸ਼ੇਤਰ ਵਿੱਚ ਇੱਕ ਹੋਰ ਕਤਲ ਕੇਸ ਸਣੇ ਅੱਠ ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦਾ ਸੀ। ਪ੍ਰਮੋਦ ਸਿੰਘ ਕੁਸ਼ਵਾਹ, ਐਡੀਸ਼ਨਲ ਸੀਪੀ (ਸਪੈਸ਼ਲ ਸੈੱਲ) ਨੇ ਕਿਹਾ ਕਿ ਰੋਮਿਲ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਵੱਲੋਂ ਦਰਜ ਕੀਤੇ ਗਏ ਅਸਲਾ ਐਕਟ ਕੇਸ ਵਿੱਚ ਵੀ ਲੋੜੀਂਦਾ ਸੀ। ਹਰਿਆਣਾ ਵਿੱਚ ਕਤਲ ਕਥਿਤ ਤੌਰ ‘ਤੇ ਗੈਂਗਸਟਰ ਵਰਿੰਦਰ ਪ੍ਰਤਾਪ ਉਰਫ਼ ਕਾਲਾ ਰਾਣਾ, ਜਿਸ ਨੂੰ ਹਾਲ ਹੀ ਵਿੱਚ ਬੈਂਕਾਕ ਤੋਂ ਹਵਾਲਗੀ ਕੀਤਾ ਗਿਆ ਸੀ ਅਤੇ ਉਸ ਦੇ ਭਰਾ ਸੂਰਿਆ ਪ੍ਰਤਾਪ ਉਰਫ਼ ਨੋਨੀ ਰਾਣਾ ਵੱਲੋਂ ਦਿੱਤੇ ਆਦੇਸ਼ਾਂ ’ਤੇ ਕੀਤੇ ਗਏ ਸਨ। ਐੱਸਟੀਐੱਫ ਅਤੇ ਸਪੈਸ਼ਲ ਸੈੱਲ ਦੀ ਸਾਂਝੀ ਟੀਮ ਨੇ ਪੁਲੀਸ ਦਿੱਲੀ-ਹਰਿਆਣਾ ਸਰਹੱਦ ਦੇ ਨੇੜੇ ਕਿਸ਼ਨਗੜ੍ਹ ਵਿੱਚ ਜਾਲ ਵਿਛਾਇਆ। ਐਡੀਸ਼ਨਲ ਸੀਪੀ ਨੇ ਕਿਹਾ ਕਿ ਅੱਜ ਸਵੇਰੇ, ਰੋਮਿਲ ਨੂੰ ਦਿੱਲੀ-ਹਰਿਆਣਾ ਸਰਹੱਦ ਦੇ ਨੇੜੇ ਸੰਯੁਕਤ ਟੀਮ ਨੇ ਰੋਕਿਆ। ਗੋਲੀਬਾਰੀ ਦੌਰਾਨ, ਦਿੱਲੀ ਅਤੇ ਹਰਿਆਣਾ ਪੁਲੀਸ ਦੇ ਇੱਕ-ਇੱਕ ਸਬ-ਇੰਸਪੈਕਟਰ ਨੂੰ ਸੱਟਾਂ ਲੱਗੀਆਂ। ਰੋਮਿਲ ਨੂੰ ਵੀ ਗੋਲੀਆਂ ਲੱਗੀਆਂ। ਸਾਰਿਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਰੋਮਿਲ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਹਰਿਆਣਾ ਪੁਲੀਸ ਵੱਲੋਂ ਰੋਮਿਲ ’ਤੇ 3 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।