ਪੈਰੋਲ ਤੋਂ ਡਿਸਕੋ ਤੱਕ: ਹਰਿਆਣਾ ਦੇ ਗੈਂਗਸਟਰ ਨੇ ਕੰਬੋਡੀਆ ’ਚ ਇੰਜ ਖੜ੍ਹਾ ਕੀਤਾ ਆਪਣਾ ‘ਸਾਮਰਾਜ’
ਕਤਲ ਦੇ ਦੋਸ਼ ’ਚ ਉਮਰ ਕੈਦ ਕੱਟ ਰਿਹਾ ਸੀ Manpal Badli; ਫਰਜ਼ੀ ਪਾਸਪੋਰਟ ’ਤੇ ਵਿਦੇਸ਼ ਭੱਜ ਕੇ ਖੋਲ੍ਹਿਆ ਡਿਸਕੋ ਤੇ ਰੈਸਟੋਰੈਂਟ
ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਬਾਦਲੀ ਦੇ ਰਹਿਣ ਵਾਲੇ ਨਾਮੀ ਗੈਂਗਸਟਰ ਮੈਨਪਾਲ ਬਾਦਲੀ (Manpal Badli) ਉਰਫ਼ ‘ਢਿੱਲਾ’ ਦੀ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਜੁਲਾਈ 2018 ਵਿੱਚ ਹਿਸਾਰ ਸੈਂਟਰਲ ਜੇਲ੍ਹ ਤੋਂ ਛੇ ਹਫ਼ਤਿਆਂ ਦੀ ਪੈਰੋਲ ’ਤੇ ਬਾਹਰ ਆਇਆ ਇਹ ਉਮਰ ਕੈਦੀ ਫ਼ਰਾਰ ਹੋ ਗਿਆ ਸੀ। ਪੁਲੀਸ ਰਿਕਾਰਡ ਅਨੁਸਾਰ ਉਸ ’ਤੇ ਕਤਲ, ਲੁੱਟ-ਖੋਹ ਅਤੇ ਡਕੈਤੀ ਵਰਗੇ 22 ਤੋਂ ਵਧੇਰੇ ਗੰਭੀਰ ਮਾਮਲੇ ਦਰਜ ਹਨ, ਜਿਨ੍ਹਾਂ ’ਚੋਂ 3 ਮਾਮਲਿਆਂ ’ਚ ਉਸ ਨੂੰ ਅਦਾਲਤ ਵੱਲੋਂ ਸਜ਼ਾ ਵੀ ਸੁਣਾਈ ਜਾ ਚੁੱਕੀ ਸੀ।
ਪੈਰੋਲ ਮਿਲਣ ਤੋਂ ਬਾਅਦ 29 ਅਗਸਤ 2018 ਨੂੰ ਉਸ ਨੇ ਜੇਲ੍ਹ ਵਾਪਸ ਸਮਰਪਣ ਕਰਨਾ ਸੀ, ਪਰ ਉਹ ਫ਼ਰਾਰ ਹੋ ਗਿਆ। ਹਰਿਆਣਾ ਪੁਲੀਸ ਨੇ ਉਸ ’ਤੇ 5 ਲੱਖ ਰੁਪਏ ਦਾ ਇਨਾਮ ਐਲਾਨਿਆ। ਇਸ ਦੌਰਾਨ ਮੈਨਪਾਲ ਨੇ ਗੁਰੂਗ੍ਰਾਮ ਦੇ ਫਰਜ਼ੀ ਪਤੇ ’ਤੇ ਸੋਨੂ ਕੁਮਾਰ ਦੇ ਨਾਂ ’ਤੇ ਫਰਜ਼ੀ ਪਾਸਪੋਰਟ ਬਣਵਾ ਲਿਆ। ਜੁਲਾਈ 2019 ਵਿੱਚ ਉਹ ਕੋਲਕਾਤਾ ਹਵਾਈ ਅੱਡੇ ਤੋਂ ਬੈਂਕਾਕ ਭੱਜ ਗਿਆ, ਜਿੱਥੋਂ ਕੁਝ ਦਿਨ ਠਹਿਰਨ ਤੋਂ ਬਾਅਦ ਉਹ ਗੁਆਂਢੀ ਦੇਸ਼ ਕੰਬੋਡੀਆ ਵਿੱਚ ਜਾ ਛੁਪਿਆ।
ਕੰਬੋਡੀਆ ਪਹੁੰਚ ਕੇ ਮੈਨਪਾਲ ਨੇ ਨਾ ਸਿਰਫ਼ ਆਪਣੀ ਪਛਾਣ ਲੁਕਾ ਕੇ ਰੱਖੀ, ਸਗੋਂ ਉੱਥੇ ਆਪਣਾ ਕਾਰੋਬਾਰੀ ਸਾਮਰਾਜ ਵੀ ਖੜ੍ਹਾ ਕਰ ਲਿਆ। Siem Reap ਸ਼ਹਿਰ ਵਿੱਚ ਉਸ ਨੇ ‘ਚੇਨ ਮੇਟਾ’ ਨਾਮਕ ਇੱਕ ਸਥਾਨਕ ਔਰਤ ਨਾਲ ਮਿਲ ਕੇ 10,000 ਡਾਲਰ ’ਚ ਘਰ ਖਰੀਦਿਆ ਅਤੇ ਬਾਅਦ ਵਿੱਚ ‘ਕੋਂਟੀਆਈ’ (Kontiai) ਨਾਂ ਦਾ ਡਿਸਕੋ ਤੇ ‘ਅੰਗਕੋਰ’ (Angkor) ਨਾਂ ਦਾ ਰੈਸਟੋਰੈਂਟ ਖੋਲ੍ਹ ਲਿਆ। ਉੱਥੇ ਰਹਿੰਦਿਆਂ ਉਸ ਦੇ ਤਿੰਨ ਬੱਚੇ ਵੀ ਹੋਏ।
ਹਾਲਾਂਕਿ, ਲਗਭਗ 6 ਸਾਲ ਫ਼ਰਾਰ ਰਹਿਣ ਤੋਂ ਬਾਅਦ ਜੁਲਾਈ 2025 ਵਿੱਚ ਜਦੋਂ ਉਹ ਕੰਬੋਡੀਆ ਵਿੱਚ ਆਪਣੇ ਵੀਜ਼ੇ ਦੀ ਨਵੀਨੀਕਰਨ (Renew) ਕਰਵਾਉਣ ਗਿਆ ਤਾਂ ਉਸ ਦੀ ਅਸਲ ਪਛਾਣ ਦਾ ਖੁਲਾਸਾ ਹੋ ਗਿਆ। ਇਸ ਤੋਂ ਬਾਅਦ ਸੀਬੀਆਈ (CBI), ਹਰਿਆਣਾ ਪੁਲੀਸ, ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੇ ਸਾਂਝੇ ਅਪਰੇਸ਼ਨ ਤੋਂ ਬਾਅਦ ਉਸ ਨੂੰ ਕੰਬੋਡੀਆ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਡਿਪੋਰਟ (Extradite) ਕਰ ਲਿਆ ਗਿਆ ਹੈ।

