ਐੱਸ ਆਈ ਆਰ ਦੇ ਨਾਮ ’ਤੇ ਹੋ ਰਹੀ ਹੈ ਧੋਖਾਧੜੀ: ਭਾਰਦਵਾਜ
ਆਮ ਆਦਮੀ ਪਾਰਟੀ ਦੇ ਦਿੱਲੀ ਸੂਬਾਈ ਕਨਵੀਨਰ ਸੌਰਭ ਭਾਰਦਵਾਜ ਨੇ ਚੋਣ ਕਮਿਸ਼ਨ ਵੱਲੋਂ ਕੀਤੇ ਜਾ ਰਹੇ ਐੱਸ ਆਈ ਆਰ ਦੇ ਉਦੇਸ਼ ਅਤੇ ਪਾਰਦਰਸ਼ਤਾ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਐੱਸ ਆਈ ਆਰ ਦੇ ਨਾਮ ’ਤੇ ਦੇਸ਼ ਭਰ ਵਿੱਚ ਖੁੱਲ੍ਹੀ ਧੋਖਾਧੜੀ ਹੋ ਰਹੀ ਹੈ। ਚੋਣ ਕਮਿਸ਼ਨ ਭਾਜਪਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਵੋਟਰ ਸੂਚੀ ਵਿੱਚ ਹੇਰਾ-ਫੇਰੀ ਕਰ ਰਿਹਾ ਹੈ। ਜੇ ਅਜਿਹਾ ਨਹੀਂ ਹੈ ਤਾਂ ਇਹ ਕਿਵੇਂ ਸੰਭਵ ਹੈ ਕਿ ਐੱਸ ਆਈ ਆਰ ਤੋਂ ਬਾਅਦ ਵੀ ਬਿਹਾਰ ਤੋਂ ਬਾਹਰ ਰਹਿਣ ਵਾਲੇ ਸੂਬੇ ਲੋਕਾਂ ਕੋਲ ਬਿਹਾਰ ਅਤੇ ਦੂਜੇ ਸੂਬਿਆਂ ਵਿੱਚ ਵੋਟਾਂ ਹਨ। ਉਨ੍ਹਾਂ ਕਿਹਾ ਕਿ ਐੱਸ ਆਈ ਆਰ ਸਿਰਫ਼ ਵੋਟਰਾਂ ਦੇ ਪਤੇ ਪ੍ਰਾਪਤ ਕਰਨ ਲਈ ਕੀਤਾ ਜਾ ਰਿਹਾ ਸੀ ਤਾਂ ਜੋ ਭਾਜਪਾ ਚੋਣਾਂ ਦੌਰਾਨ ਉਨ੍ਹਾਂ ਤੱਕ ਪਹੁੰਚ ਸਕੇ ਅਤੇ ਉਨ੍ਹਾਂ ਨੂੰ ਮੁਫ਼ਤ ਰੇਲ ਟਿਕਟਾਂ ਅਤੇ ਪੈਸੇ ਦੇ ਕੇ ਆਪਣੇ ਹੱਕ ਵਿੱਚ ਵੋਟ ਪਾਉਣ ਲਈ ਘਰ ਲਿਆ ਸਕੇ।
ਸੋਮਵਾਰ ਨੂੰ ਸੌਰਭ ਭਾਰਦਵਾਜ ਨੇ ਕਿਹਾ ਕਿ ਐੱਸ ਆਈ ਆਰ ਦੇ ਨਾਮ ’ਤੇ ਦੇਸ਼ ਭਰ ਵਿੱਚ ਸ਼ਰ੍ਹੇਆਮ ਧਾਂਦਲੀ ਹੋ ਰਹੀ ਹੈ। ਚੋਣ ਕਮਿਸ਼ਨ ਨੇ ਖ਼ੁਦ ਦਾਅਵਾ ਕੀਤਾ ਸੀ ਕਿ ਐੱਸ ਆਈ ਆਰ ਦੀ ਪੁਸ਼ਟੀ ਹਰ ਵੋਟਰ ਦੇ ਘਰ ਕੀਤੀ ਜਾ ਰਹੀ ਹੈ ਅਤੇ ਇੱਕ ਵਿਅਕਤੀ ਸਿਰਫ਼ ਇੱਕ ਜਗ੍ਹਾ ’ਤੇ ਹੀ ਵੋਟ ਪਾ ਸਕਦਾ ਹੈ। ਫਿਰ ਵੀ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ ਸਨ। ਇਨ੍ਹਾਂ ਰੇਲਗੱਡੀਆਂ ਨੇ ਮੂਲ ਰੂਪ ਵਿੱਚ ਬਿਹਾਰ ਦੇ ਉਨ੍ਹਾਂ ਲੋਕਾਂ ਨੂੰ ਮੁਫ਼ਤ ਟਿਕਟਾਂ ਅਤੇ ਜੇਬ ਖ਼ਰਚੇ ਦਿੱਤੇ ਜਿਨ੍ਹਾਂ ਨੂੰ ਭਾਜਪਾ ਨੂੰ ਵੋਟ ਪਾਉਣ ਲਈ ਬਿਹਾਰ ਭੇਜਿਆ ਗਿਆ ਸੀ। ਦਿੱਲੀ ਵਿੱਚ ਵੀ ਇਹੀ ਪ੍ਰਯੋਗ ਦੁਹਰਾਇਆ ਗਿਆ ਸੀ ਤੇ ਇਹ ਸਭ ਰਿਕਾਰਡ ਵਿੱਚ ਹੈ।
ਉਨ੍ਹਾਂ ਸਵਾਲ ਕੀਤਾ ਕਿ ਜਦੋਂ ਐੱਸ ਆਈ ਆਰ ਕੀਤਾ ਗਿਆ ਸੀ ਤਾਂ ਇਹ ਕਿਵੇਂ ਸੰਭਵ ਸੀ ਕਿ ਹਰਿਆਣਾ ਵਿੱਚ ਰਹਿਣ ਵਾਲੇ ਬਿਹਾਰ ਦੇ ਲੋਕਾਂ ਕੋਲ ਬਿਹਾਰ ਅਤੇ ਹਰਿਆਣਾ ਦੋਵਾਂ ਵਿੱਚ ਵੋਟਾਂ ਸਨ। ਸ੍ਰੀ ਭਾਰਦਵਾਜ ਨੇ ਕਿਹਾ ਕਿ ਇਸ ਦਾ ਮਤਲਬ ਸੀ ਕਿ ਪੂਰੀ ਐੱਸ ਆਈ ਆਰ ਪ੍ਰਕਿਰਿਆ ਸਿਰਫ਼ ਬਿਹਾਰ ਵਿੱਚ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਲਈ ਵਰਤੀ ਗਈ ਸੀ ਜਿਨ੍ਹਾਂ ਦੀਆਂ ਵੋਟਾਂ ਬਿਹਾਰ ਵਿੱਚ ਸਨ ਪਰ ਅਸਲ ਵਿੱਚ ਉਹ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਰਹਿੰਦੇ ਸਨ। ਸੌਰਭ ਨੇ ਸਵਾਲ ਉਠਾਏ ਕਿ ਉਨ੍ਹਾਂ ਦੇ ਪਤੇ ਕੀ ਸਨ ਤੇ ਭਾਜਪਾ ਉਨ੍ਹਾਂ ਤੱਕ ਕਿਵੇਂ ਪਹੁੰਚ ਸਕਦੀ ਸੀ, ਚੋਣਾਂ ਦੌਰਾਨ ਉਨ੍ਹਾਂ ਨੂੰ ਮੁਫ਼ਤ ਰੇਲ ਟਿਕਟਾਂ ਅਤੇ ਪੈਸੇ ਕਿਵੇਂ ਦੇ ਸਕਦੀ ਸੀ, ਉਨ੍ਹਾਂ ਨੂੰ ਵਿਸ਼ੇਸ਼ ਰੇਲਗੱਡੀਆਂ ਵਿੱਚ ਬਿਹਾਰ ਕਿਵੇਂ ਲਿਆ ਸਕਦੀ ਸੀ ਤੇ ਉਨ੍ਹਾਂ ਤੋਂ ਭਾਜਪਾ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰ ਸਕਦੀ ਸੀ, ਲੋਕ ਇਸ ਦੇ ਜਵਾਬ ਮੰਗਦੇ ਹਨ।
