ਜੁਲਾਨਾ ਹਲਕੇ ਦੇ ਪਿੰਡ ਦੇਵਰੜ ਵਿੱਚ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਸਮਾਗਮ ਵਿੱਚ ਭਾਜਪਾ ਦੇ ਸਾਬਕਾ ਉਮੀਦਵਾਰ ਕੈਪਟਨ ਯੋਗੇਸ਼ ਵੈਰਾਗੀ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਨੇ ਇੱਕ ਨਿਵੇਕਲੀ ਪਹਿਲ ਕਰਦਿਆਂ ਪਿੰਡ ਦੇ ਸਭ ਤੋਂ ਬਜ਼ੁਰਗ ਵਿਅਕਤੀ ਬਲਵੰਤ ਸਿੰਘ ਦੇ ਹੱਥੋਂ ਨੀਂਹ ਪੱਥਰ ਰਖਵਾਇਆ। ਇਸ ਪ੍ਰਾਜੈਕਟ ’ਤੇ ਲਗਪਗ 31 ਲੱਖ ਰੁਪਏ ਖਰਚ ਕੀਤੇ ਜਾਣਗੇ। ਨੀਂਹ ਪੱਥਰ ਰੱਖਣ ਦੇ ਨਾਲ ਹੀ ਇਮਾਰਤ ਦਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ ਅਤੇ ਇਹ ਨਵੇਂ ਸਾਲ ਦੇ ਅੱਧ ਤੱਕ ਮੁਕੰਮਲ ਹੋਣ ਦੀ ਉਮੀਦ ਹੈ।
ਕੈਪਟਨ ਯੋਗੇਸ਼ ਵੈਰਾਗੀ ਨੇ ਦੱਸਿਆ ਕਿ ਪੁਰਾਣੀ ਇਮਾਰਤ ਦੀ ਹਾਲਤ ਬਹੁਤ ਖਸਤਾ ਸੀ ਅਤੇ ਉੱਥੇ ਸਿਰਫ਼ ਇੱਕ ਕਮਰਾ ਹੋਣ ਕਾਰਨ ਪਸ਼ੂ ਪਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਬਣਨ ਵਾਲੇ ਇਸ ਆਧੁਨਿਕ ਭਵਨ ਵਿੱਚ ਤਿੰਨ ਕਮਰੇ ਅਤੇ ਇੱਕ ਦਫ਼ਤਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦੇ ਬਣਨ ਨਾਲ ਨਾ ਸਿਰਫ਼ ਪਿੰਡ ਦੇਵਰੜ, ਸਗੋਂ ਆਸ-ਪਾਸ ਦੇ ਦਰਜਨ ਭਰ ਪਿੰਡਾਂ ਦੇ ਕਿਸਾਨਾਂ ਨੂੰ ਆਪਣੇ ਪਸ਼ੂਆਂ ਦੇ ਇਲਾਜ ਲਈ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਇਹ ਲੰਬੇ ਸਮੇਂ ਤੋਂ ਲਟਕਦੀ ਮੰਗ ਸੀ, ਜਿਸ ਨੂੰ ਭਾਜਪਾ ਸਰਕਾਰ ਨੇ ਪੂਰਾ ਕੀਤਾ ਹੈ। ਇਸ ਮੌਕੇ ਸਰਪੰਚ ਪ੍ਰਤੀਨਿਧ ਸੋਨੂੰ, ਮੰਡਲ ਪ੍ਰਧਾਨ ਪ੍ਰਦੀਪ ਸ਼ਰਮਾ, ਜੁਲਾਨਾ ਨਗਰ ਪਾਲਿਕਾ ਦੇ ਉਪ ਪ੍ਰਧਾਨ ਪਵਨ ਸੈਣੀ, ਰਾਮ ਮਿਹਰ, ਰਾਮਕਿਸ਼ਨ, ਡਾ. ਅਜ਼ਮੇਰ, ਪ੍ਰਦੀਪ ਚਹਿਲ ਅਤੇ ਯਸ਼ਵੰਤ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।

