ਹਰਿਆਣਾ ਦੇ ਸਾਬਕਾ ਖੇਤੀ ਮੰਤਰੀ ਦੇ ਪੁੱਤਰ ’ਤੇ ਹਮਲਾ

ਹਰਿਆਣਾ ਦੇ ਸਾਬਕਾ ਖੇਤੀ ਮੰਤਰੀ ਦੇ ਪੁੱਤਰ ’ਤੇ ਹਮਲਾ

ਹਮਲੇ ਦੀ ਜਾਣਕਾਰੀ ਦਿੰਦੇ ਹੋਏ ਜਸਤੇਜ ਸੰਧੂ।

ਸਤਪਾਲ ਰਾਮਗੜ੍ਹੀਆ

ਪਿਹੋਵਾ, 22 ਫਰਵਰੀ

ਪਿੰਡ ਬੇਗਪੁਰ ਨੇੜੇ ਭਾਰਤੀ ਕਿਸਾਨ ਯੂਨੀਅਨ ਟਿਕੈਤ ਧੜੇ ਦੇ ਸੂਬਾ ਜਨਰਲ ਸਕੱਤਰ ਅਤੇ ਹਰਿਆਣਾ ਦੇ ਸਾਬਕਾ ਖੇਤੀਬਾੜੀ ਮੰਤਰੀ ਜਸਵਿੰਦਰ ਸਿੰਘ ਸੰਧੂ ਦਾ ਵੱਡਾ ਬੇਟਾ ਜਸਤੇਜ ਸੰਧੂ ਹਮਲੇ ’ਚ ਵਾਲ ਵਾਲ ਬਚ ਗਿਆ। ਬਾਈਕ ਸਵਾਰ ਕੁਝ ਬਦਮਾਸ਼ਾਂ ਨੇ ਉਸ ਦੀ ਕਾਰ ’ਤੇ ਗੋਲੀਆਂ ਚਲਾਈਆਂ। ਗੋਲੀਆਂ ਕਾਰ ਦੇ ਅਗਲੇ ਸ਼ੀਸ਼ੇ ਨੂੰ ਆ ਕੇ ਵਜੀਆਂ। ਹਮਲਾ ਨਾਕਾਮ ਹੁੰਦਾ ਦੇਖ ਬਦਮਾਸ਼ ਮੌਕੇ ਤੋਂ ਤੁਰੰਤ ਫਰਾਰ ਹੋ ਗਏ। ਪੁਲੀਸ ਨੂੰ ਹਮਲੇ ਦੀ ਜਾਣਕਾਰੀ ਦਿੱਤੀ ਗਈ ਜੋ ਬਦਮਾਸ਼ਾਂ ਦਾ ਸੁਰਾਗ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਮੌਕੇ ’ਤੇ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮ ਵੀ ਬੁਲਾਈ ਗਈ ਹੈ। ਭਾਰਤੀ ਕਿਸਾਨ ਯੂਨੀਅਨ ਟਿਕੈਤ ਧੜੇ ਦੇ ਜਨਰਲ ਸਕੱਤਰ ਜਸਤੇਜ ਸੰਧੂ ਨੇ ਦੱਸਿਆ ਕਿ ਕਿਸਾਨਾਂ ਨੇ ਪਿੰਡ ਦੇ ਥਾਣਾ ਟੌਲ ਪਲਾਜ਼ਾ ਵਿਖੇ ਧਰਨਾ ਲਾਇਆ ਹੋਇਆ ਹੈ। ਸੋਮਵਾਰ ਸਵੇਰੇ ਸੱਤ ਵਜੇ ਦੇ ਕਰੀਬ ਉਹ ਆਪਣੇ ਘਰ ਪਿੰਡ ਗੁਮਥਲਗਾਧੂ ਤੋਂ ਕਾਰ ਲੈ ਕੇ ਟੌਲ ਪਲਾਜ਼ਾ ਲਈ ਰਵਾਨਾ ਹੋਇਆ ਸੀ। ਪਿੰਡ ਬੇਗਪੁਰ ਦੇ ਬੱਸ ਅੱਡੇ ਨੇੜੇ ਬਾਈਕ ਸਵਾਰ ਦੋ ਨਕਾਬਪੋਸ਼ਾਂ ਨੇ ਤੇਜ਼ੀ ਨਾਲ ਆ ਕੇ ਉਨ੍ਹਾਂ ਦੀ ਕਾਰ ਅੱਗੇ ਆਪਣੀ ਬਾਈਕ ਲਗਾ ਦਿੱਤੀ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਚਲਾਉਣ ਮਗਰੋਂ ਬਦਮਾਸ਼ ਮੌਕੇ ਤੋਂ ਤੇਜ਼ੀ ਨਾਲ ਫਰਾਰ ਹੋ ਗਏ। ਧੁੰਦ ਹੋਣ ਕਾਰਨ ਉਹ ਬਾਈਕ ਦਾ ਨੰਬਰ ਆਦਿ ਨਹੀਂ ਵੇਖ ਸਕੇ। ਜਸਤੇਜ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਇਸੇ ਮਹੀਨੇ ਹੀ ਜਸਤੇਜ ਸੰਧੂ ਨੇ ਪਿੰਡ ਗੁਮਥਲਾ ’ਚ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਮਹਾਪੰਚਾਇਤ ਵੀ ਕਰਵਾਈ ਸੀ। ਡੀਐੱਸਪੀ ਗੁਰਮੇਲ ਸਿੰਘ ਨੇ ਕਿਹਾ ਕਿ ਹਮਲਾਵਰਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All