ਸਰਬਜੋਤ ਸਿੰਘ ਦੁੱਗਲ
ਮਾਰਕੰਡਾ ਦਰਿਆ ਵਿੱਚ ਅੱਜ ਸਵੇਰੇ ਲਗਪਗ 6 ਵਜੇ ਅਚਾਨਕ 14,294 ਕਿਊਸਿਕ ਪਾਣੀ ਆਉਣ ਕਾਰਨ ਸ਼ਾਹਬਾਦ ਦੇ ਚਾਰ ਪਿੰਡਾਂ ਕਠਵਾ, ਤੰਗੌਰ, ਪੱਟੀ ਜਾਮੜਾ ਅਤੇ ਕਲਸਾਣਾ ਵਿੱਚ ਪਾਣੀ ਵੜ ਗਿਆ। ਕਠਵਾ ਵਿੱਚ ਮੁੱਖ ਸੜਕ ਨੇ ਦਰਿਆ ਦਾ ਰੂਪ ਧਾਰ ਲਿਆ, ਜਦਕਿ ਖੇਤ ਅਤੇ ਆਬਾਦੀ ਵਾਲੇ ਇਲਾਕੇ ਪਾਣੀ ਵਿੱਚ ਡੁੱਬ ਗਏ। ਇਸ ਦੌਰਾਨ 2,500 ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ।
ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਿਛਲੇ ਸਾਲ ਆਏ ਹੜ੍ਹਾਂ ਤੋਂ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੈਬਨਿਟ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਦੇ ਦੌਰਿਆਂ ਦੇ ਬਾਵਜੂਦ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ। ਸਾਬਕਾ ਸਰਪੰਚ ਅਤੇ ਵਕੀਲ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਪਾਣੀ ਨਹੀਂ ਉਤਰਦਾ, ਉਦੋਂ ਤੱਕ ਸਿੱਖਿਆ, ਸਿਹਤ, ਆਵਾਜਾਈ ਅਤੇ ਪਸ਼ੂਆਂ ਦੇ ਚਾਰੇ ਦੀ ਸਮੱਸਿਆ ਬਣੀ ਰਹੇਗੀ। ਉਨ੍ਹਾਂ ਦੱਸਿਆ ਕਿ ਕਠਵਾ, ਤੰਗੌਰ, ਕਲਸਾਣਾ, ਮੁਗਲ ਮਾਜਰਾ ਅਤੇ ਆਸ-ਪਾਸ ਦੇ ਪਿੰਡਾਂ ਦੀ ਕਰੀਬ 2,500 ਏਕੜ ਨਵੀਂ ਲੱਗੀ ਝੋਨੇ ਦੀ ਫ਼ਸਲ ਹੜ੍ਹ ਦੀ ਭੇਟ ਚੜ੍ਹ ਗਈ ਹੈ। ਕਲਸਾਣਾ ਵਿੱਚ ਸਵੇਰੇ 9 ਵਜੇ ਤੱਕ ਗਲੀਆਂ ਅਤੇ ਰਿਹਾਇਸ਼ੀ ਇਲਾਕੇ ਪਾਣੀ ਵਿੱਚ ਡੁੱਬ ਗਏ। ਪਿੰਡ ਵਾਸੀਆਂ ਨੇ ਮਿੱਟੀ ਦੇ ਬੋਰੀਆਂ ਲਗਾ ਕੇ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਪਾਣੀ ਘਰਾਂ ਵਿੱਚ ਦਾਖ਼ਲ ਹੋ ਗਿਆ। ਮੋਨਿਕਾ, ਰਜਤ ਅਤੇ ਪੰਕਜ ਨੇ ਦੱਸਿਆ ਕਿ ਦੂਸ਼ਿਤ ਪੀਣ ਵਾਲਾ ਪਾਣੀ ਮਿਲਣ ਕਾਰਨ ਉਨ੍ਹਾਂ ਨੂੰ ਦੂਜੇ ਪਿੰਡਾਂ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਤੁਰੰਤ ਪਾਣੀ ਦੀ ਨਿਕਾਸੀ ਦੀ ਮੰਗ ਕੀਤੀ। ਮਦਨਪੁਰ ਅਤੇ ਮੋਹਨਪੁਰ ਨੂੰ ਬਚਾਉਣ ਲਈ ਬਣਾਏ ਗਏ ਬੰਨ੍ਹ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋ ਗਿਆ। ਕਲਸਾਣਾ ਦੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਬੰਨ੍ਹ ਕਾਰਨ ਪਾਣੀ ਦਾ ਰੁਖ਼ ਉਨ੍ਹਾਂ ਦੇ ਪਿੰਡ ਵੱਲ ਹੋ ਗਿਆ, ਜਿਸ ਕਾਰਨ ਉਨ੍ਹਾਂ ਨੇ ਬੰਨ੍ਹ ਵਿੱਚ ਦੋ ਥਾਵਾਂ ’ਤੇ ਕੱਟ ਲਾ ਦਿੱਤੇ। ਦੂਜੇ ਪਾਸੇ ਮਦਨਪੁਰ ਅਤੇ ਮੋਹਨਪੁਰ ਦੇ ਲੋਕਾਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਜੇ ਬੰਨ੍ਹ ਤੋੜਿਆ ਗਿਆ, ਤਾਂ ਉਨ੍ਹਾਂ ਦੇ ਖੇਤ ਡੁੱਬ ਜਾਣਗੇ। ਉਨ੍ਹਾਂ ਨੇ ਕਲਸਾਣਾ ਦੇ ਖੁੱਲ੍ਹੇ ਸੀਵਰੇਜ ਨੂੰ ਵੀ ਪਾਣੀ ਭਰਨ ਦਾ ਕਾਰਨ ਦੱਸਿਆ। ਥਾਣਾ ਮੁਖੀ ਜਗਦੀਸ਼ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਧਿਰਾਂ ਵਿਚਕਾਰ ਇਹ ਸਹਿਮਤੀ ਕਰਵਾਈ ਕਿ ਜਿਵੇਂ ਹੀ ਪਾਣੀ ਦਾ ਪੱਧਰ ਘਟੇਗਾ, ਬੰਨ੍ਹ ਵਿੱਚ ਲਾਏ ਕੱਟ ਬੰਦ ਕਰ ਦਿੱਤੇ ਜਾਣਗੇ। ਤੰਗੌਰ ਵਿੱਚ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ। ਯਾਦਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਇਕੱਲੇ ਇਸ ਪਿੰਡ ਦੀ ਕਰੀਬ 1,700 ਏਕੜ ਨਵੀਂ ਲੱਗੀ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇ ਪਾਣੀ ਦਾ ਪੱਧਰ ਹੋਰ ਵਧਿਆ ਤਾਂ ਗਲੀਆਂ ਵਿੱਚ ਵੀ ਪਾਣੀ ਦਾਖ਼ਲ ਹੋ ਸਕਦਾ ਹੈ। ਪੱਟੀ ਜਾਮੜਾ ਵਿੱਚ ਵੀ ਹੇਠਲੇ ਇਲਾਕਿਆਂ ਦੇ ਘਰਾਂ ਵਿੱਚ ਪਾਣੀ ਦਾਖ਼ਲ ਹੋ ਗਿਆ, ਜਿਸ ਕਾਰਨ ਕਰੀਬ 7 ਤੋਂ 8 ਪਰਿਵਾਰਾਂ ਨੂੰ ਮਾਰਕੰਡਾ ਮੰਦਰ ਦੇ ਸ਼ੈੱਡ ਹੇਠਾਂ ਸ਼ਰਨ ਲੈਣੀ ਪਈ। ਜ਼ਿਕਰਯੋਗ ਹੈ ਕਿ ਅੱਜ ਬਾਅਦ ਦੁਪਹਿਰ ਮਾਰਕੰਡਾ ਦਰਿਆ ਵਿੱਚ ਪਾਣੀ ਦਾ ਪੱਧਰ ਘਟ ਕੇ ਕਰੀਬ 5,000 ਕਿਊਸਿਕ ਰਹਿ ਗਿਆ, ਜਦਕਿ ਮੁਲਾਣਾ ਵਿੱਚ 14,000 ਕਿਊਸਿਕ ਅਤੇ ਕਾਲਾ ਅੰਬ ਵਿੱਚ 2,000 ਕਿਊਸਿਕ ਪਾਣੀ ਦਰਜ ਕੀਤਾ ਗਿਆ। ਹਾਲਾਂਕਿ ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਕਿ ਪਹਾੜੀ ਇਲਾਕਿਆਂ ਵਿੱਚ ਮੁੜ ਮੀਂਹ ਪੈਣ ਦੀ ਸਥਿਤੀ ਵਿੱਚ ਦਰਿਆ ਵਿੱਚ ਪਾਣੀ ਦਾ ਪੱਧਰ ਮੁੜ ਵਧ ਸਕਦਾ ਹੈ।
ਅਧਿਆਕਾਰੀਆਂ ਵੱਲੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ
ਹਰਿਆਣਾ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਦੇ ਚੇਅਰਮੈਨ ਸੁਭਾਸ਼ ਕਲਸਾਣਾ ਅਤੇ ਐੱਸ ਡੀ ਐੱਮ ਸ਼ੰਭੂ ਰਾਠੀ ਨੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਰਾਹਤ ਕਾਰਜਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

