ਜਹਾਜ਼ ਹਾਦਸੇ ’ਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਸਣੇ ਪੰਜ ਦੀ ਮੌਤ
ਅੱਜ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸੰਸਕਾਰ; ਮੋਦੀ ਤੇ ਸ਼ਾਹ ਹੋ ਸਕਦੇ ਨੇ ਸ਼ਾਮਲ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਚਾਰ ਹੋਰ ਵਿਅਕਤੀਆਂ ਦੀ ਅੱਜ ਪੁਣੇ ਜ਼ਿਲ੍ਹੇ ਦੇ ਬਾਰਾਮਤੀ ਹਵਾਈ ਅੱਡੇ ਨੇੜੇ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਮੌਤ ਹੋ ਗਈ। ਪਵਾਰ ਨੇ 5 ਫਰਵਰੀ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਸਬੰਧ ਵਿੱਚ ਪੁਣੇ ਜ਼ਿਲ੍ਹੇ ’ਚ ਚਾਰ ਰੈਲੀਆਂ ਨੂੰ ਸੰਬੋਧਨ ਕਰਨ ਲਈ ਸਵੇਰੇ ਮੁੰਬਈ ਤੋਂ ਉਡਾਣ ਭਰੀ ਸੀ। ਨੈਸ਼ਨਲਿਸਟ ਕਾਂਗਰਸ ਪਾਰਟੀ ਅਨੁਸਾਰ, ਅਜੀਤ ਪਵਾਰ ਦਾ ਅੰਤਿਮ ਸੰਸਕਾਰ 29 ਜਨਵਰੀ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਬਾਰਾਮਤੀ ਵਿੱਚ ਸਵੇਰੇ 11 ਵਜੇ ਵਿੱਦਿਆ ਪ੍ਰਤਿਸ਼ਠਾਨ ਮੈਦਾਨ ’ਚ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸ਼ਾਮਲ ਹੋਣ ਦੀ ਆਸ ਹੈ।
ਇਸ ਦੁਖਾਂਤ ਵਿੱਚ ਜਾਨ ਗੁਆਉਣ ਵਾਲੇ ਹੋਰ ਵਿਅਕਤੀਆਂ ਵਿੱਚ ਕੈਪਟਨ ਸੁਮਿਤ ਕਪੂਰ, ਸਹਿ-ਪਾਇਲਟ ਕੈਪਟਨ ਸ਼ਾਂਭਵੀ ਪਾਠਕ, ਨਿੱਜੀ ਸੁਰੱਖਿਆ ਅਧਿਕਾਰੀ ਵਿਦਿਪ ਜਾਧਵ ਅਤੇ ਫਲਾਈਟ ਅਟੈਂਡੈਂਟ ਪਿੰਕੀ ਮਾਲੀ ਸ਼ਾਮਲ ਸਨ। ਅੱਜ ਸਵੇਰੇ, ਲੀਅਰਜੈੱਟ ਜਹਾਜ਼ ਨੂੰ ਘੱਟ ਦਿਸਣਹੱਦ ਕਾਰਨ ਇੱਕ ਵਾਰ ਉਤਰਨ ਤੋਂ ਰੋਕ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਜਦੋਂ ਇਸ ਨੂੰ ਬਾਰਾਮਤੀ ਵਿੱਚ ਉਤਰਨ ਦੀ ਇਜਾਜ਼ਤ ਮਿਲ ਗਈ ਤਾਂ ਜਹਾਜ਼ ਵੱਲੋਂ ਏਅਰ ਟਰੈਫਿਕ ਕੰਟਰੋਲ ਨੂੰ ਕੋਈ ਜਵਾਬੀ ਸੁਨੇਹਾ ਨਹੀਂ ਦਿੱਤਾ ਗਿਆ। ਇਸ ਤੋਂ ਕੁਝ ਹੀ ਪਲਾਂ ਬਾਅਦ, ਜਹਾਜ਼ ਰਨਵੇ ਦੇ ਕਿਨਾਰੇ ’ਤੇ ਅੱਗ ਦੀਆਂ ਲਾਟਾਂ ਵਿੱਚ ਘਿਰ ਗਿਆ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੇ ਪੁਣੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਹਾਜ਼ ਘੱਟ ਦਿਸਣ ਹੱਦ ਵਿਚਕਾਰ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਹਾਜ਼ ਹਾਦਸਾ ਜਾਂਚ ਬਿਊਰੋ ਨੇ ਇਸ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਦੇ ‘ਬਲੈਕ ਬਾਕਸ’ ਨੂੰ ਬਰਾਮਦ ਕਰਨ ਤੋਂ ਬਾਅਦ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਉਸ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ।
ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਈ ਹੋਰ ਆਗੂਆਂ ਨੇ ਅਜੀਤ ਪਵਾਰ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਇਸ ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਇਸ ਨੂੰ ਸੂਬੇ ਲਈ ਵੱਡਾ ਘਾਟਾ ਦੱਸਿਆ ਹੈ।
ਲੈਂਡਿੰਗ ਸਿਸਟਮ ਹੁੰਦਾ ਤਾਂ ਬਚਾਈਆਂ ਜਾ ਸਕਦੀਆਂ ਸੀ ਜਾਨਾਂ: ਮਾਹਿਰ
ਮੁੰਬਈ: ਬਾਰਾਮਤੀ ਜਹਾਜ਼ ਹਾਦਸਾ ਜਿਸ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਚਾਰ ਹੋਰਾਂ ਦੀ ਮੌਤ ਹੋ ਗਈ, ਨੂੰ ਟਾਲਿਆ ਜਾ ਸਕਦਾ ਸੀ। ਜੇਕਰ ਹਵਾਈ ਅੱਡੇ ਦੇ ਰਨਵੇਅ ’ਤੇ ਇੰਸਟਰੂਮੈਂਟ ਲੈਂਡਿੰਗ ਸਿਸਟਮ (ਆਈ ਐੱਲ ਐੱਸ) ਲੱਗਾ ਹੁੰਦਾ ਤਾਂ ਇਹ ਖ਼ਰਾਬ ਮੌਸਮ ਜਾਂ ਘੱਟ ਦਿਸਣ ਹੱਦ ਦੌਰਾਨ ਪਾਇਲਟ ਨੂੰ ਸਹੀ ਸੇਧ ਦੇ ਸਕਦਾ ਸੀ। ਇਹ ਦਾਅਵਾ ਹਵਾਬਾਜ਼ੀ ਮਾਹਿਰਾਂ ਨੇ ਕੀਤਾ ਹੈ। ਸੇਵਾਮੁਕਤ ਪਾਇਲਟ ਅਹਿਸਾਨ ਖਾਲਿਦ ਨੇ ਦੱਸਿਆ ਕਿ ਬਾਰਾਮਤੀ ਹਵਾਈ ਅੱਡਾ ਲੀਅਰਜੈੱਟ ਜਹਾਜ਼ਾਂ ਦੀ ਲੈਂਡਿੰਗ ਲਈ ਢੁਕਵਾਂ ਹੈ, ਪਰ ਉੱਥੇ ਆਧੁਨਿਕ ਨੇਵੀਗੇਸ਼ਨ ਪ੍ਰਣਾਲੀ ਦੀ ਘਾਟ ਹੈ। ਉਨ੍ਹਾਂ ਕਿਹਾ, ‘‘ਜੇਕਰ ਰਨਵੇਅ ’ਤੇ ਆਈ ਐੱਲ ਐੱਸ ਵਰਗੇ ਯੰਤਰ ਹੁੰਦੇ ਜੋ ਪਾਇਲਟ ਨੂੰ ਧੁੰਦ ਜਾਂ ਘੱਟ ਦਿਖਾਈ ਦੇਣ ਵੇਲੇ ਰਸਤਾ ਦਿਖਾਉਂਦੇ ਹਨ, ਤਾਂ ਇਹ ਦੁਖਾਂਤ ਰੋਕਿਆ ਜਾ ਸਕਦਾ ਸੀ।’’ ਮਾਹਿਰਾਂ ਅਨੁਸਾਰ, ਹਾਦਸਾ ਰਨਵੇਅ ਤੋਂ ਬਾਹਰ ਜਾਂ ਉਸ ਦੇ ਨੇੜੇ ਵਾਪਰਿਆ ਹੈ, ਇਸ ਲਈ ਰਨਵੇਅ ਦੀ ਬਣਤਰ ਨੂੰ ਇਸ ਦਾ ਕਾਰਨ ਨਹੀਂ ਮੰਨਿਆ ਜਾ ਰਿਹਾ। -ਪੀਟੀਆਈ
ਵਿਰੋਧੀ ਧਿਰ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਮੰਗੀ
ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜਹਾਜ਼ ਹਾਦਸੇ ਵਿੱਚ ਹੋਈ ਐੱਨ ਸੀ ਪੀ ਆਗੂ ਅਜੀਤ ਪਵਾਰ ਦੀ ਹੋਈ ਮੌਤ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਕੀ ਸਾਰੀਆਂ ਏਜੰਸੀਆਂ ਨਾਲ ਪੂਰੀ ਤਰ੍ਹਾਂ ਸਮਝੌਤਾ ਕੀਤਾ ਜਾ ਚੁੱਕਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਸਣੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਵੀ ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਮਮਤਾ ਬੈਨਰਜੀ ਦੀ ਇਸ ਮੰਗ ਦਾ ਸਮਰਥਨ ਕੀਤਾ ਹੈ। ਉੱਧਰ, ਐੱਨ ਸੀ ਪੀ ਦੇ ਸੰਸਥਾਪਕ ਅਤੇ ਅਜੀਤ ਪਵਾਰ ਦੇ ਚਾਚਾ ਸ਼ਰਦ ਪਵਾਰ ਨੇ ਕਿਹਾ ਕਿ ਇਹ ਜਹਾਜ਼ ਹਾਦਸਾ ਇੱਕ ਮੰਦਭਾਗੀ ਘਟਨਾ ਸੀ ਅਤੇ ਇਸ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਸ਼ਰਦ ਪਵਾਰ ਨੇ ਖੁਦ ਬਾਰਾਮਤੀ ਹਵਾਈ ਅੱਡੇ ਦਾ ਦੌਰਾ ਕੀਤਾ ਅਤੇ ਉਹ ਉਸ ਮੈਡੀਕਲ ਕਾਲਜ ’ਚ ਵੀ ਗਏ ਜਿੱਥੇ ਅਜੀਤ ਪਵਾਰ ਦੀ ਦੇਹ ਨੂੰ ਹਾਦਸੇ ਵਾਲੀ ਥਾਂ ਤੋਂ ਲਿਆਂਦਾ ਗਿਆ ਸੀ। ਬਾਰਾਮਤੀ ਤੋਂ ਲੋਕ ਸਭਾ ਮੈਂਬਰ ਅਤੇ ਸ਼ਰਦ ਪਵਾਰ ਦੀ ਧੀ ਸੁਪ੍ਰਿਯਾ ਸੁਲੇ ਆਪਣੇ ਚਚੇਰੇ ਭਰਾ ਅਜੀਤ ਪਵਾਰ ਦੇ ਅਚਾਨਕ ਦੇਹਾਂਤ ’ਤੇ ਬੇਹੱਦ ਗਮਗੀਨ ਨਜ਼ਰ ਆਏ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਉਹ ਆਪਣੇ ਆਪ ਨੂੰ ਸੰਭਾਲਣ ਵਿੱਚ ਅਸਮਰੱਥ ਦਿਖਾਈ ਦਿੱਤੀ। ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਅਜੀਤ ਪਵਾਰ ਦੇ ਦੇਹਾਂਤ ’ਤੇ ਦਿੱਤੇ ਗਏ ਬਿਆਨਾਂ ਦੀ ਸਖ਼ਤ ਨਿਖੇਧੀ ਕੀਤੀ ਹੈ। ਪੱਛਮੀ ਬੰਗਾਲ ਲਈ ਭਾਜਪਾ ਦੇ ਚੋਣ ਸਹਿ-ਇੰਚਾਰਜ ਬਿਪਲਬ ਦੇਬ ਨੇ ਕਿਹਾ, ‘‘ਮਮਤਾ ਨੇ ਮਨੁੱਖਤਾ ਗੁਆ ਦਿੱਤੀ ਹੈ।’’
-ਪੀਟੀਆਈ

